14 ਮਹੀਨਿਆਂ ਦਾ ਸੰਘਰਸ਼, 1 ਸਾਲ ਦਾ ਲੰਬਾ ਅੰਦੋਲਨ, 11 ਦੌਰ ਦੀ ਗੱਲਬਾਤ, ਸੁਪਰੀਮ ਕੋਰਟ ਦੇ ਦਖਲ ਅਤੇ ਸੈਂਕੜੇ ਕਿਸਾਨਾਂ ਦੀ ਮੌਤ ਤੋਂ ਬਾਅਦ ਆਖਰਕਾਰ ਮੋਦੀ ਸਰਕਾਰ ਨੂੰ ਝੁਕਣਾ ਪਿਆ ਹੈ।
ਕਿਸਾਨਾਂ ਦੇ ਸੰਘਰਸ਼ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇੱਕ ਵੱਡੀ ਜਿੱਤ ਮਿਲੀ ਹੈ। ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ।
ਪੀਐਮ ਮੋਦੀ ਨੇ ਕਿਹਾ ਕਿ, “ਅੱਜ ਮੈਂ ਤੁਹਾਨੂੰ ਪੂਰੇ ਦੇਸ਼ ਨੂੰ ਇਹ ਦੱਸਣ ਆਇਆ ਹਾਂ ਕਿ ਅਸੀਂ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਿਸ ਲੈਣ ਦਾ ਫੈਸਲਾ ਕੀਤਾ ਹੈ। ਇਸ ਮਹੀਨੇ ਦੇ ਅੰਤ ਵਿੱਚ ਸ਼ੁਰੂ ਹੋਣ ਵਾਲੇ ਸੰਸਦ ਦੇ ਸੈਸ਼ਨ ਵਿੱਚ ਅਸੀਂ ਇਨ੍ਹਾਂ ਤਿੰਨਾਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਿਸ ਲੈਣ ਦੀ ਸੰਵਿਧਾਨਕ ਪ੍ਰਕਿਰਿਆ ਨੂੰ ਪੂਰਾ ਕਰਾਂਗੇ।”
ਪਰ ਅਸੀਂ ਇੱਥੇ ਤੁਹਾਨੂੰ ਕੁੱਝ ਤਸਵੀਰਾਂ ਰਾਹੀਂ ਖੇਤੀਬਾੜੀ ਕਾਨੂੰਨ ਅਤੇ ਕਿਸਾਨ ਅੰਦੋਲਨ ਦੀ ਪੂਰੀ ਕਹਾਣੀ ਪੇਸ਼ ਕਰ ਰਹੇ ਹਾਂ। ਕਿਸਾਨਾਂ ਦਾ ਪ੍ਰਦਰਸ਼ਨ 5 ਜੂਨ 2020 ਤੋਂ ਸ਼ੁਰੂ ਹੋਇਆ ਸੀ, ਜਦੋਂ ਸਰਕਾਰ ਨੇ ਤਿੰਨ ਖੇਤੀਬਾੜੀ ਬਿੱਲਾਂ ਦਾ ਐਲਾਨ ਕੀਤਾ ਸੀ। 14 ਸਤੰਬਰ 2020 ਨੂੰ, ਸਰਕਾਰ ਨੇ ਸੰਸਦ ਵਿੱਚ ਇੱਕ ਆਰਡੀਨੈਂਸ ਲਿਆਂਦਾ ਅਤੇ 27 ਸਤੰਬਰ 2020 ਨੂੰ, ਇਹ ਆਰਡੀਨੈਂਸ ਰਾਸ਼ਟਰਪਤੀ ਦੀ ਸਹਿਮਤੀ ਨਾਲ ਇੱਕ ਕਾਨੂੰਨ ਬਣ ਗਿਆ।
ਜਿਸ ਤੋਂ ਬਾਅਦ ਕਿਸਾਨਾਂ ਦਾ ਪ੍ਰਦਰਸ਼ਨ ਵੱਡੇ ਪੱਧਰ ‘ਤੇ ਸ਼ੁਰੂ ਹੋਇਆ। ਕਾਨੂੰਨ ਬਣਨ ਤੋਂ ਬਾਅਦ ਕਿਸਾਨਾਂ ਨੇ ਪਹਿਲਾ ਪੰਜਾਬ ਅਤੇ ਹਰਿਆਣੇ ਦੇ ਵਿੱਚ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕੀਤੇ, ਪਰ ਜਦੋ ਸਰਕਾਰ ਦੇ ਨਾਲ ਕੋਈ ਗੱਲ ਨਾ ਬਣਦੀ ਦਿਖੀ ਤਾਂ ਕਿਸਾਨਾਂ ਨੇ ਦਿੱਲੀ ਦੇ ਵਿੱਚ ਜਾ ਕੇ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ।
ਫਿਰ 25 ਨਵੰਬਰ ਤੋਂ ਸ਼ੁਰੂ ਹੁੰਦੀ ਹੈ ਕਿਸਾਨ ਅੰਦੋਲਨ ਦੀ ਇਹ ਕਹਾਣੀ। 25 ਨਵੰਬਰ 2020 ਨੂੰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਚੱਲੋ ਅੰਦੋਲਨ ਸ਼ੁਰੂ ਕੀਤਾ। ਹਾਲਾਂਕਿ, ਕੋਰੋਨਾ ਕਾਰਨ ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ। 26 ਨਵੰਬਰ 2020 ਨੂੰ ਦਿੱਲੀ ਵੱਲ ਜਾ ਰਹੇ ਕਿਸਾਨਾਂ ਨੂੰ ਅੰਬਾਲਾ ਵਿੱਚ ਵਾਟਰ ਕੈਨਨ, ਅੱਥਰੂ ਗੈਸ ਦਾ ਸਾਹਮਣਾ ਕਰਨਾ ਪਿਆ।
ਪਰ ਕਿਸਾਨਾਂ ਦੇ ਹਾਰ ਨਹੀਂ ਮੰਨੀ। ਅੰਤ ਕਿਸਾਨਾਂ ਨੇ ਦਿੱਲੀ ਦੇ ਸਿੰਘੂ ਅਤੇ ਟਿਕਰੀ ਬਾਰਡਰ ‘ਤੇ ਪੱਕਾ ਮੋਰਚਾ ਲਗਾ ਦਿੱਤਾ। 28 ਨਵੰਬਰ 2020 ਨੂੰ ਅਮਿਤ ਸ਼ਾਹ ਨੇ ਕਿਸਾਨਾਂ ਨੂੰ ਕਿਹਾ ਕਿ ਜੇਕਰ ਉਹ ਬਾਰਡਰ ਖਾਲੀ ਕਰਦੇ ਹਨ ਤਾਂ ਉਹ ਗੱਲਬਾਤ ਲਈ ਤਿਆਰ ਹਨ। ਕਿਸਾਨਾਂ ਨੇ ਇਸ ਪੇਸ਼ਕਸ਼ ਨੂੰ ਠੁਕਰਾ ਕੇ ਜੰਤਰ-ਮੰਤਰ ਵਿਖੇ ਧਰਨਾ ਦੇਣ ਦੀ ਮੰਗ ਕੀਤੀ। ਪਰ ਸਹਿਮਤੀ ਨਾ ਬਣੀ।
ਇਸ ਤੋਂ ਬਾਅਦ 3 ਦਸੰਬਰ ਨੂੰ ਸਰਕਾਰ ਅਤੇ ਕਿਸਾਨਾਂ ਵਿਚਾਲੇ ਪਹਿਲੇ ਦੌਰ ਦੀ ਗੱਲਬਾਤ ਹੋਈ ਸੀ ਪਰ ਕੋਈ ਨਤੀਜਾ ਨਹੀਂ ਨਿਕਲ ਸਕਿਆ। 5 ਦਸੰਬਰ ਨੂੰ ਦੂਜੇ ਦੌਰ ਦੀ ਗੱਲਬਾਤ ਦਾ ਵੀ ਕੋਈ ਹੱਲ ਨਹੀਂ ਨਿਕਲਿਆ। ਮੀਟਿੰਗਾਂ ਦੇ ਦੌਰਾਨ ਵੀ ਇੱਕ ਵੱਖਰੀ ਤਸਵੀਰ ਵੀ ਸਾਹਮਣੇ ਆਈ ਸੀ ਜਦੋਂ ਕਿਸਾਨ ਬੈਠਕ ਵਿੱਚ ਆਪਣਾ ਖਾਣਾ ਨਾਲ ਲੈ ਕੇ ਗਏ ਸੀ।
ਫਾਰ 13 ਦਸੰਬਰ ਨੂੰ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਟੁਕੜੇ ਟੁਕੜੇ ਗੈਂਗ ‘ਤੇ ਕਿਸਾਨ ਅੰਦੋਲਨ ‘ਚ ਸ਼ਾਮਿਲ ਹੋਣ ਦਾ ਦੋਸ਼ ਲਗਾਇਆ ਸੀ। ਜਿਸ ਤੋਂ ਬਾਅਦ 21 ਦਸੰਬਰ ਨੂੰ ਕਿਸਾਨਾਂ ਨੇ ਧਰਨੇ ਵਾਲੀ ਥਾਂ ‘ਤੇ ਇੱਕ ਦਿਨ ਦੀ ਭੁੱਖ ਹੜਤਾਲ ਰੱਖੀ।
30 ਦਸੰਬਰ ਨੂੰ ਛੇਵੇਂ ਦੌਰ ਦੀ ਗੱਲਬਾਤ ਦੌਰਾਨ ਸਰਕਾਰ ਅਤੇ ਕਿਸਾਨਾਂ ਵਿਚਾਲੇ ਕੁੱਝ ਸਹਿਮਤੀ ਬਣੀ ਸੀ। ਸਰਕਾਰ ਨੇ ਪਰਾਲੀ ਸਾੜਨ ‘ਤੇ ਜੁਰਮਾਨੇ ਅਤੇ ਬਿਜਲੀ ਸੋਧ ਬਿੱਲ, 2020 ਵਿੱਚ ਬਦਲਾਅ ਕੀਤਾ ਹੈ। ਹਾਲਾਂਕਿ ਕਿਸਾਨ ਖੇਤੀ ਕਾਨੂੰਨਾਂ ਦੀ ਵਾਪਸੀ ‘ਤੇ ਅੜੇ ਰਹੇ।
ਇਸ ਤੋਂ ਬਾਅਦ ਇੱਕ ਵੱਡਾ ਮੌਕਾ ਆਇਆ ਜਦੋ 26 ਜਨਵਰੀ 2021 ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਨੇ ਟਰੈਕਟਰ ਪਰੇਡ ਕੱਢੀ। ਪਰ ਇਸ ਦਿਨ ਲਾਲ ਕਿਲ੍ਹੇ ‘ਤੇ ਵਾਪਰੀ ਇੱਕ ਘਟਨਾ ਕਾਰਨ ਕਿਸਾਨਾਂ ਨੂੰ ਕਾਫੀ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ।
26 ਜਨਵਰੀ 2021 ਦੀ ਘਟਨਾ ਤੋਂ ਬਾਅਦ ਕਿਸਾਨ ਅੰਦੋਲਨ ਬੈਕ ਫੁੱਟ ‘ਤੇ ਆ ਗਿਆ। ਪਰ ਫਿਰ 28 ਜਨਵਰੀ ਨੂੰ ਰਾਕੇਸ਼ ਟਿਕੈਤ ਗੱਲਬਾਤ ਦੌਰਾਨ ਭਾਵੁਕ ਹੋ ਗਏ, ਜਿਸ ਕਾਰਨ ਸਾਰਾ ਮਾਮਲਾ ਪਲਟ ਗਿਆ। ਵੀਡੀਓ ਵਾਇਰਲ ਹੁੰਦੇ ਹੀ ਹਜ਼ਾਰਾਂ ਕਿਸਾਨ ਰਾਤੋ ਰਾਤ ਗਾਜ਼ੀਪੁਰ ਬਾਰਡਰ ‘ਤੇ ਪਹੁੰਚ ਗਏ।
ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਰਾਕੇਸ਼ ਟਿਕੈਤ ਨੂੰ ਲੈ ਕੇ ਕਾਫੀ ਬਿਆਨ ਵਾਇਰਲ ਹੋਏ ਜਿਨ੍ਹਾਂ ਵਿੱਚੋਂ ਇੱਕ “ਮੋਰਚੇ ‘ਚ ਜਾਨ ਪਾਗੇ ਅਥਰੂ ਟਿਕੈਤ ਦੇ” ਵੀ ਕਾਫੀ ਜਿਆਦਾ ਵਾਇਰਲ ਹੋਇਆ।
ਫਿਰ ਇਸ ਤੋਂ ਬਾਅਦ ਵੱਡਾ ਮੌਕਾ ਉਦੋਂ ਆਇਆ ਜਦੋ 5 ਮਾਰਚ 2021 ਨੂੰ, ਪੰਜਾਬ ਵਿਧਾਨ ਸਭਾ ਨੇ ਇੱਕ ਮਤਾ ਪੱਤਰ ਪਾਸ ਕੀਤਾ ਅਤੇ ਕਿਸਾਨਾਂ ਦੇ ਹਿੱਤ ਵਿੱਚ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਿਸ ਲੈਣ ਦਾ ਫੈਸਲਾ ਕੀਤਾ। 6 ਮਾਰਚ ਨੂੰ ਦਿੱਲੀ ਬਾਰਡਰ ‘ਤੇ ਕਿਸਾਨਾਂ ਨੇ 100 ਦਿਨ ਪੂਰੇ ਕਰ ਲਏ ਸੀ।
ਫਿਰ 28 ਅਗਸਤ 2021 ਨੂੰ ਕਰਨਾਲ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਤੇ ਪੁਲਿਸ ਨੇ ਲਾਠੀਚਾਰਜ ਕੀਤਾ। ਇਸ ਦੌਰਾਨ ਕਈ ਕਿਸਾਨ ਜ਼ਖਮੀ ਹੋ ਗਏ। ਇਸ ਦੌਰਾਨ ਕਰਨਾਲ ਦੇ ਐਸਡੀਐਮ ਆਯੂਸ਼ ਸਿਨਹਾ ਦਾ ਵੀਡੀਓ ਵਾਇਰਲ ਹੋ ਗਿਆ ਹੈ, ਜਿਸ ਤੋਂ ਬਾਅਦ ਕਿਸਾਨਾਂ ਨੇ ਇਸ ਦੇ ਵਿਰੋਧ ‘ਚ ਕਿਸਾਨਾਂ ਨੇ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕੀਤਾ ਤਾਂ ਸਰਕਾਰ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ।
ਫਿਰ 3 ਅਕਤੂਬਰ ਨੂੰ ਕਿਸਾਨਾਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਕਾਲੇ ਝੰਡੇ ਦਿਖਾਏ ਸਨ। ਇਸ ਦੌਰਾਨ ਇੱਕ ਗੱਡੀ ਨੇ ਕਿਸਾਨਾਂ ਨੂੰ ਕੁਚਲ ਦਿੱਤਾ। ਜਿਸ ਕਾਰਨ 4 ਕਿਸਾਨਾਂ ਦੀ ਜਾਨ ਚੱਲੀ ਗਈ ਸੀ।
ਇਸ ਘਟਨਾ ਦੌਰਾਨ 4 ਕਿਸਾਨਾਂ, ਇੱਕ ਪੱਤਰਕਾਰ ਸਮੇਤ ਕੁੱਲ 8 ਲੋਕਾਂ ਦੀ ਜਾਨ ਚਲੀ ਗਈ ਸੀ। ਇਸ ‘ਚ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਸਮੇਤ 14 ਲੋਕਾਂ ‘ਤੇ ਹੱਤਿਆ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਹੁਣ ਸੰਯੁਕਤ ਕਿਸਾਨ ਮੋਰਚੇ ਨੇ ਸਰਦ ਰੁੱਤ ਸੈਸ਼ਨ ਵਿੱਚ ਰੋਜ਼ਾਨਾ 500 ਕਿਸਾਨਾਂ ਲਈ ਸ਼ਾਂਤਮਈ ਟਰੈਕਟਰ ਮਾਰਚ ਕਰਨ ਦਾ ਫੈਸਲਾ ਕੀਤਾ ਸੀ। 26 ਨਵੰਬਰ ਨੂੰ ਕਿਸਾਨ ਅੰਦੋਲਨ ਦੇ ਇੱਕ ਸਾਲ ਪੂਰਾ ਹੋਣ ‘ਤੇ ਵੀ ਵੱਡੇ ਪ੍ਰਦਰਸ਼ਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਪਰ ਇਸ ਤੋਂ ਪਹਿਲਾ ਅੱਜ 19 ਨਵੰਬਰ 2021 ਨੂੰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਿਸ ਲੈਣ ਦਾ ਐਲਾਨ ਕਰ ਡਿੱਟ ਹੈ । ਉਨ੍ਹਾਂ ਕਿਹਾ ਕਿ ਅਸੀਂ ਕੁੱਝ ਕਿਸਾਨਾਂ ਨੂੰ ਸਮਝਾਉਣ ਵਿੱਚ ਅਸਫਲ ਰਹੇ ਹਾਂ।
ਵੀਡੀਓ ਲਈ ਕਲਿੱਕ ਕਰੋ -: