ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਚੱਕਰਵਾਤ ‘ਯਾਸ’ ਨਾਲ ਪ੍ਰਭਾਵਿਤ ਹੋਏ ਇਲਾਕਿਆਂ ਵਿੱਚ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਰਾਹਤ ਕਾਰਜਾਂ ਲਈ ਇੱਕ ਹਜ਼ਾਰ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਤੁਰੰਤ ਜਾਰੀ ਕਰਨ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਦਫਤਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਪੀਐਮ ਮੋਦੀ ਨੇ ਪੱਛਮੀ ਬੰਗਾਲ ਦੇ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਵੀ ਕੀਤਾ ਹੈ। ਇਸ ਮੌਕੇ ਉਨ੍ਹਾਂ ਪੀੜਤਾਂ ਨਾਲ ਇਕਜੁੱਟਤਾ ਦਾ ਪ੍ਰਦਰਸ਼ਨ ਵੀ ਕੀਤਾ ਹੈ। ਕੇਂਦਰ ਸਰਕਾਰ ਇੱਕ ਅੰਤਰ-ਮੰਤਰਾਲਾ ਸਮੂਹ ਵੀ ਸਥਾਪਤ ਕਰੇਗੀ, ਜੋ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰੇਗਾ ਅਤੇ ਨੁਕਸਾਨ ਦਾ ਪੂਰਾ ਜਾਇਜ਼ਾ ਲਵੇਗਾ। ਕੇਂਦਰ ਸਰਕਾਰ ਨੇ ਪ੍ਰਭਾਵਿਤ ਇਲਾਕਿਆਂ ਵਿੱਚ ਬੁਨਿਆਦੀ ਸੜਕ-ਪੁੱਲ ਜਿਹੇ ਬੁਨਿਆਦੀ ਢਾਂਚੇ ਦੀ ਸੁਚੱਜੀ ਮੁਰੰਮਤ ਲਈ ਪੂਰੀ ਸਹਾਇਤਾ ਦਾ ਭਰੋਸਾ ਵੀ ਦਿੱਤਾ ਹੈ।
ਤੂਫਾਨ ਕਾਰਨ ਮਾਰੇ ਗਏ ਵਿਅਕਤੀ ਦੇ ਪਰਿਵਾਰ ਨੂੰ ਦੋ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ। ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਦਫ਼ਤਰ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ 500 ਕਰੋੜ ਰੁਪਏ ਤੁਰੰਤ ਪ੍ਰਭਾਵ ਨਾਲ ਓਡੀਸ਼ਾ ਨੂੰ ਜਾਰੀ ਕੀਤੇ ਜਾਣਗੇ। ਜਦਕਿ ਪੱਛਮੀ ਬੰਗਾਲ ਅਤੇ ਝਾਰਖੰਡ ਨੂੰ ਘਾਟੇ ਦੇ ਅਨੁਸਾਰ ਬਾਕੀ 500 ਕਰੋੜ ਰੁਪਏ ਅਲਾਟ ਕੀਤੇ ਜਾਣਗੇ। ਓਡੀਸ਼ਾ ਵਿੱਚ ਸਮੀਖਿਆ ਬੈਠਕ ਕਰਨ ਤੋਂ ਬਾਅਦ ਪੀਐਮ ਯਾਸ ਤੋਂ ਪ੍ਰਭਾਵਿਤ ਇੱਕ ਹੋਰ ਰਾਜ ਪੱਛਮੀ ਬੰਗਾਲ ਪਹੁੰਚੇ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੱਛਮੀ ਮੇਦਿਨੀਪੁਰ ਜ਼ਿਲ੍ਹੇ ਦੇ ਕਲਾਈ ਕੁੰਡਾ ਵਿਖੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਰਾਜ ਵਿੱਚ ਚੱਕਰਵਾਤ ‘ਯਾਸ’ ਨਾਲ ਹੋਏ ਨੁਕਸਾਨ ਬਾਰੇ ਮੁੱਢਲੀ ਰਿਪੋਰਟ ਸੌਂਪੀ।
ਇਹ ਵੀ ਪੜ੍ਹੋ : ਨਾਰਦਾ ਸਟਿੰਗ ਮਾਮਲਾ: ਕਲਕੱਤਾ ਹਾਈਕੋਰਟ ਨੇ TMC ਦੇ ਚਾਰੇ ਨੇਤਾਵਾਂ ਨੂੰ ਦਿੱਤੀ ਅੰਤਰਿਮ ਜ਼ਮਾਨਤ, ਰੱਖੀਆਂ ਇਹ ਸ਼ਰਤਾਂ…
ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਦੋਨਾਂ ਨੇਤਾਵਾਂ ਵਿਚਾਲੇ ਇਹ ਮੁਲਾਕਾਤ ਤਕਰੀਬਨ 15 ਮਿੰਟ ਚੱਲੀ। ਉਨ੍ਹਾਂ ਕਿਹਾ, “ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਰਾਜ ਦੇ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਦੀ ਸਥਿਤੀ ਤੋਂ ਜਾਣੂ ਕਰਵਾਇਆ।” ਚੱਕਰਵਾਤ ‘ਯਾਸ’ ਨਾਲ ਜੁੜੀਆਂ ਘਟਨਾਵਾਂ ਵਿੱਚ ਹੁਣ ਤੱਕ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 21 ਲੱਖ ਤੋਂ ਵੱਧ ਲੋਕਾਂ ਨੂੰ ਉੜੀਸਾ, ਪੱਛਮੀ ਬੰਗਾਲ ਅਤੇ ਝਾਰਖੰਡ ਵਿੱਚ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਗਿਆ ਹੈ। ਤੂਫਾਨ ਕਾਰਨ ਓਡੀਸ਼ਾ ਵਿੱਚ ਤਿੰਨ ਅਤੇ ਪੱਛਮੀ ਬੰਗਾਲ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ। ਪੱਛਮੀ ਬੰਗਾਲ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਸ ਕੁਦਰਤੀ ਆਫ਼ਤ ਕਾਰਨ ਘੱਟੋ ਘੱਟ ਇੱਕ ਕਰੋੜ ਲੋਕ ਪ੍ਰਭਾਵਿਤ ਹੋਏ ਹਨ। ‘ਤਾਉਤੇ ‘ ਤੋਂ ਬਾਅਦ ਇੱਕ ਹਫ਼ਤੇ ਦੇ ਅੰਦਰ ਦੇਸ਼ ‘ਚ ਫਿਰ ਤਬਾਹੀ ਮਚਾਉਣ ਵਾਲਾ ਯਾਸ ਦੂਜਾ ਚੱਕਰਵਾਤ ਹੈ।
ਇਹ ਵੀ ਦੇਖੋ : ਵਿਆਹ ‘ਤੇ ਕੈਪਟਨ ਦੇ ਮੰਤਰੀ ਨੇ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ…..