Policemen Awarded Home Minister Medal: ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਦਿੱਤਾ ਜਾਣ ਵਾਲਾ ‘ਜਾਂਚ ‘ਚ ਉਤਮਤਾ ਦੇ ਲਈ ਕੇਂਦਰੀ ਗ੍ਰਹਿ ਮੰਤਰੀ ਦਾ ਮੈਡਲ 2020‘ ਨਾਲ 121 ਪੁਲਿਸ ਕਰਮਚਾਰੀਆਂ ਦੀ ਲਿਸਟ ਤਿਆਰ ਕੀਤੀ ਗਈ ਹੈ, ਜਿਨ੍ਹਾਂ ਨੂੰ 15 ਅਗਸਤ ‘ਤੇ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਪੁਲਿਸ ਕਰਮਚਾਰੀਆਂ ‘ਚ 15 ਸੀ.ਬੀ.ਆਈ, 10 ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਪੁਲਿਸ ਤੋਂ, 8 ਉੱਤਰ ਪ੍ਰਦੇਸ਼ , 7 ਕੇਰਲ ਅਤੇ ਪੱਛਮੀ ਬੰਗਾਲ, ਬਾਕੀ ਹੋਰ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਤੋਂ ਹਨ। ਗ੍ਰਹਿ ਮੰਤਰਾਲੇ ਵੱਲੋਂ ਦੱਸਿਆ ਗਿਆ ਹੈ ਕਿ ਇਨ੍ਹਾਂ ‘ਚ 21 ਮਹਿਲਾ ਪੁਲਿਸ ਅਧਿਕਾਰੀ ਵੀ ਸ਼ਾਮਲ ਹਨ। ਦੱਸ ਦੇਈਏ ਕਿ ਅਪਰਾਧ ਦੀ ਜਾਂਚ ਦੇ ਉੱਚ ਪੇਸ਼ੇਵਰ ਮਿਆਰ ਨੂੰ ਵਧਾਉਣ ਅਤੇ ਜਾਂਚ ਅਧਿਕਾਰੀਆਂ ਦੁਆਰਾ ਜਾਂਚ ‘ਚ ਇਸ ਤਰ੍ਹਾਂ ਦੀ ਉਤਮਤਾ ਨੂੰ ਪਹਿਚਾਣਨ ਦੇ ਉਦੇਸ਼ ਨਾਲ ਇਹ ਮੈਡਲ 2018 ‘ਚ ਸਥਾਪਿਤ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ 2018 ‘ਚ ਕੇਂਦਰੀ ਗ੍ਰਹਿ ਮੰਤਰੀ ਰਹੇ ਰਾਜਨਾਥ ਸਿੰਘ ਨੇ 5 ‘ਪੁਲਿਸ ਮੈਡਲ’ ਦੇ ਨਾਂ ਨਾਲ ਸ਼ੁਰੂ ਕੀਤਾ ਸੀ। ਪੁਲਿਸ ਸੇਵਾ ‘ਚ ਪੇਸ਼ੇਵਰ ਰਵੱਈਆ ਅਤੇ ਉਤਮਤਾ ਨੂੰ ਵਧਾਉਣ ਅਤੇ ਅਜਿਹੇ ਸੁਰੱਖਿਆਬਲ, ਜੋ ਤਣਾਅਪੂਰਨ ਸਥਿਤੀਆਂ ਅਤੇ ਦੁਰਗਮ ਖੇਤਰਾਂ ‘ਚ ਚੰਗਾ ਕੰਮ ਕਰਦੇ ਹਨ, ਉਨ੍ਹਾਂ ਨੂੰ ਸਨਮਾਨਿਤ ਕਰਨ ਲਈ 5 ਪੁਲਿਸ ਮੈਡਲ ਸ਼ੁਰੂ ਕੀਤੇ ਗਏ ਸੀ। ਇਨ੍ਹਾਂ ਦੇ ਨਾਂ ਕੇਂਦਰੀ ਗ੍ਰਹਿ ਮੰਤਰੀ ਵਿਸ਼ੇਸ਼ ਸੰਚਾਲਨ ਮੈਡਲ, ਪੁਲਿਸ ਇੰਟਰਨਲ ਸਕਿਓਰਿਟੀ ਸਰਵਿਸ ਮੈਡਲ, ਅਸਧਾਰਨ ਹੁਨਰ ਮੈਡਲ, ਸ਼ਾਨਦਾਰ ਅਤੇ ਬਹੁਤ ਹੀ ਸ਼ਾਨਦਾਰ ਸਰਵਿਸ ਮੈਡਲ ਅਤੇ ਜਾਂਚ ‘ਚ ਉਤਮਤਾ ਲਈ ਕੇਂਦਰੀ ਗ੍ਰਹਿ ਮੰਤਰੀ ਦਾ ਮੈਡਲ ਹੈ। ਇਹ ਮੈਡਲ ਹਰ ਸਾਲ ਦਿੱਤੇ ਜਾਂਦੇ ਹਨ। ਪਿਛਲੇ ਸਾਲ ਭਾਵ 2019 ‘ਚ ਦੇਸ਼ ਦੇ 96 ਪੁਲਿਸ ਕਰਮਚਾਰੀਆਂ ਨੂੰ ‘ ਜਾਂਚ ‘ਚ ਉਤਮਤਾ ਲਈ ਕੇਂਦਰੀ ਗ੍ਰਹਿ ਮੰਤਰੀ ਦੇ ਮੈਡਲ’ ਨਾਲ ਨਿਵਾਜਿਆ ਗਿਆ ਸੀ।