poonch terrorist locations weapons recovered : ਬੀ.ਐੱਸ.ਐੱਫ ਦੇ ਜਵਾਨਾਂ ਹੱਥ ਇੱਕ ਸਫਲਤਾ ਲੱਗੀ ਹੈ।ਸੀਮਾ ‘ਤੇ ਤਾਇਨਾਤ ਜਵਾਨਾਂ ਨੇ ਪੁੰਛ ‘ਚ ਅੱਤਵਾਦੀਆਂ ਦੇ ਟਿਕਾਣੇ ਦਾ ਪਰਦਾਫਾਸ਼ ਕੀਤਾ ਹੈ। ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਸੁਰੱਖਿਆ ਦਸਤਿਆਂ ਦੀ ਸੰਯੁਕਤ ਟੀਮ ਨੇ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕਰ ਕੇ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਜ਼ਖੀਰਾ ਬਰਾਮਦ ਕੀਤਾ ਹੈ। ਪੁਲਸ ਸੂਤਰਾਂ ਨੇ ਬੁੱਧਵਾਰ ਨੂੰ ਇੱਥੇ ਦੱਸਿਆ ਕਿ ਖੁਫ਼ੀਆ ਸੂਚਨਾ ਦੇ ਆਧਾਰ ‘ਤੇ ਫੌਜ, ਸਰਹੱਦੀ ਸੁਰੱਖਿਆ ਫੋਰਸ ਅਤੇ ਪੁਲਸ ਦੀ ਸਾਂਝੀ ਟੀਮ ਨੇ ਮੰਗਲਵਾਰ ਰਾਤ ਪੁੰਛ ਜ਼ਿਲ੍ਹੇ ‘ਚ ਖਾਨੇਤਰ ਦੇ ਸਾਹੂਵਾਲੀ ਜੰਗਲਾਤ
ਖੇਤਰ ‘ਚ ਤਲਾਸ਼ ਮੁਹਿੰਮ ਸ਼ੁਰੂ ਕੀਤੀ ਅਤੇ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ। ਟੀਮ ਨੇ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਜ਼ਖੀਰਾ ਬਰਾਮਦ ਕੀਤਾ ਹੈ, ਜਿਸ ‘ਚ 2 ਚੀਨੀ ਪਿਸਤੌਲ, ਪਿਸਤੌਲ ਦੀਆਂ 5 ਮੈਗਜ਼ੀਨ, ਇਕ ਜਾਪਾਨੀ ਦੂਰਬੀਨ, 2 ਆਈਕਾਮ ਰੇਡੀਓ ਸੈੱਟ, ਚਾਰ ਹੈਂਡ ਗ੍ਰਨੇਡ (ਹੱਥਗੋਲੇ), ਏ.ਕੇ. ਰਾਈਫਲਾਂ ਦੇ 270 ਕਾਰਤੂਸ, 5 ਏ.ਕੇ. ਮੈਗਜ਼ੀਨ ਅਤੇ 50 ਪਿਸਤੌਲ ਦੀਆਂ ਗੋਲੀਆਂ ਸ਼ਾਮਲ ਹਨ। ਪੁਲਸ ਨੇ ਕਿਹਾ ਕਿ ਇੰਨੀ ਵੱਡੀ ਬਰਾਮਦਗੀ ਨੇ ਸੁਰੱਖਿਆ ਦਸਤਿਆਂ ਦੀ ਸਰਗਰਮੀ ਨੂੰ ਉਜਾਗਰ ਕੀਤਾ ਅਤੇ ਦੇਸ਼ ਵਿਰੋਧੀ ਨਾਪਾਕ ਯੋਜਨਾਵਾਂ ਨੂੰ ਅਸਫ਼ਲ ਕਰ ਦਿੱਤਾ।