poor quality ammunition: ਨਵੀਂ ਦਿੱਲੀ: ਪਿੱਛਲੇ 6 ਸਾਲਾਂ ਦੌਰਾਨ ਭਾਰਤੀ ਫੌਜ ਨੇ ਮਾੜੇ ਅਸਲੇ ਬਾਰੂਦ ਦੇ ਕਾਰਨ ਆਪਣੇ 27 ਜਵਾਨਾਂ ਨੂੰ ਖ਼ੋ ਦਿੱਤਾ ਹੈ। ਇੰਨਾ ਹੀ ਨਹੀਂ ਸੈਨਾ ਨੂੰ ਇੱਕ ਹਜ਼ਾਰ ਕਰੋੜ ਦਾ ਨੁਕਸਾਨ ਵੀ ਹੋਇਆ ਹੈ। ਇਹ ਖੁਲਾਸਾ ਆਰਮੀ ਦੀ ਇੱਕ ਅੰਦਰੂਨੀ ਰਿਪੋਰਟ ਤੋਂ ਹੋਇਆ ਹੈ, ਜਿਸ ਵਿੱਚ ਆਰਡੀਨੈਂਸ ਫੈਕਟਰੀ ਬੋਰਡ ਵੱਲੋਂ ਬਣਾਏ ਗਏ ਹਥਿਆਰਾਂ ਉੱਤੇ ਸਵਾਲ ਖੜੇ ਕੀਤੇ ਗਏ ਹਨ। ਫੌਜ ਨੇ ਆਰਡੀਨੈਂਸ ਫੈਕਟਰੀ ਬੋਰਡ ਦੇ ਮਾੜੇ ਅਸਲੇ ਬਾਰੇ ਇੱਕ ਰਿਪੋਰਟ ਤਿਆਰ ਕੀਤੀ ਹੈ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿੱਛਲੇ 6 ਸਾਲਾਂ ਵਿੱਚ ਭਾਵ 2014 ਤੋਂ 2020 ਤੱਕ ਮਾੜੇ ਅਸਲੇ ਦੇ ਕਾਰਨ 27 ਜਵਾਨ ਆਪਣੀ ਜਾਨ ਗਵਾ ਚੁੱਕੇ ਹਨ। ਇਨ੍ਹਾਂ ਘਟਨਾਵਾਂ ਵਿੱਚ 2016 ਵਿੱਚ ਮਹਾਰਾਸ਼ਟਰ ਦੇ ਅਸਲੇ ਡਿਪੂ ਵਿੱਚ ਲੱਗੀ ਅੱਗ ਵੀ ਸ਼ਾਮਿਲ ਸੀ, ਜਿਸ ਵਿੱਚ 19 ਸੈਨਿਕਾਂ ਦੀ ਜਾਨ ਚਲੀ ਗਈ ਸੀ। ਮਾੜੇ ਬਾਰੂਦ ਦੀਆਂ ਘਟਨਾਵਾਂ ਪੈਦਲ ਫੌਜ ਤੋਂ ਲੈ ਕੇ ਟੈਂਕ ਦੇ ਗੋਲੇ, ਤੋਪਖ਼ਾਨੇ ਅਤੇ ਹਵਾਈ-ਰੱਖਿਆ ਯੂਨਿਟਾਂ ਤੱਕ ਸਾਹਮਣੇ ਆਈਆਂ ਹਨ। ਕਿਉਂਕਿ ਇਹ ਸਾਰੀਆਂ ਇਕਾਈਆਂ ਆਰਡੀਨੈਂਸ ਫੈਕਟਰੀ ਬੋਰਡ ਦੇ ਬਾਰੂਦ ਦੀ ਵਰਤੋਂ ਕਰਦੀਆਂ ਹਨ।
ਸੈਨਾ ਦੀ ਅੰਦਰੂਨੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿੱਛਲੇ 6 ਸਾਲਾਂ ਵਿੱਚ ਮਾੜੇ ਅਸਲੇ ਦੇ ਕਾਰਨ ਹੁਣ ਤੱਕ 403 ਹਾਦਸੇ ਵਾਪਰ ਚੁੱਕੇ ਹਨ। ਹੁਣ ਤੱਕ ਇਨ੍ਹਾਂ ਮਾੜੇ ਬਾਰੂਦ ਕਾਰਨ ਕੁੱਲ 27 ਜਵਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਅਤੇ 159 ਸੈਨਿਕ ਜ਼ਖਮੀ ਹੋਏ ਹਨ। ਇਸ ਮਾੜੇ ਬਾਰੂਦ ਕਾਰਨ ਹੁਣ ਤੱਕ 960 ਕਰੋੜ ਦਾ ਨੁਕਸਾਨ ਹੋਇਆ ਹੈ। ਘੱਟੋ ਘੱਟ 100 ਮੱਧਮ ਤੋਪਾਂ, ਇੰਨੀ ਵੱਡੀ ਰਕਮ ਨਾਲ ਖਰੀਦੀਆਂ ਜਾ ਸਕਦੀਆਂ ਸਨ। ਖਾਸ ਗੱਲ ਇਹ ਹੈ ਕਿ ਇਹ ਰਿਪੋਰਟ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਭਾਰਤ ਪਿੱਛਲੇ 5 ਮਹੀਨਿਆਂ ਤੋਂ ਅਸਲ ਕੰਟਰੋਲ ਰੇਖਾ ਯਾਨੀ ਐਲਏਸੀ ਉੱਤੇ ਚੀਨ ਨਾਲ ਮੁਕਾਬਲਾ ਕਰ ਰਿਹਾ ਹੈ। ਆਰਡੀਨੈਂਸ ਫੈਕਟਰੀ ਬੋਰਡ ਅਜੇ ਤੱਕ ਆਰਮੀ ਦੀ ਇਸ ਰਿਪੋਰਟ ‘ਤੇ ਅੱਗੇ ਨਹੀਂ ਆਇਆ ਹੈ। ਆਰਡੀਨੈਂਸ ਫੈਕਟਰੀ ਬੋਰਡ ਦੇ ਕੰਮਕਾਜ ਦੇ ਮੱਦੇਨਜ਼ਰ, ਰੱਖਿਆ ਮੰਤਰਾਲੇ ਨੇ ਕਾਰਪੋਰੇਟਾਈਜ਼ੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਲਈ ਇੱਕ ਨਿਜੀ ਸਲਾਹਕਾਰ ਕੰਪਨੀ ਰੱਖੀ ਗਈ ਹੈ।