ਮਸ਼ਹੂਰ ਫੈਸ਼ਨ ਡਿਜ਼ਾਈਨਰ ਪ੍ਰਤਿਊਸ਼ਾ ਗਰਿਮੇਲਾ ਦੀ ਸ਼ਨੀਵਾਰ ਨੂੰ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। 35 ਸਾਲਾ ਪ੍ਰਤਿਊਸ਼ਾ ਦੀ ਲਾਸ਼ ਤੇਲੰਗਾਨਾ ਦੇ ਬੰਜਾਰਾ ਹਿਲਜ਼ ਸਥਿਤ ਉਸ ਦੇ ਘਰ ਤੋਂ ਮਿਲੀ। ਉਸ ਦੇ ਬੈੱਡਰੂਮ ਵਿੱਚੋਂ ਇੱਕ ਕਾਰਬਨ ਮੋਨੋਆਕਸਾਈਡ ਸਿਲੰਡਰ ਬਰਾਮਦ ਹੋਇਆ ਹੈ। ਪੁਲਿਸ ਨੇ ਇਸ ਨੂੰ ਸ਼ੱਕੀ ਮੌਤ ਮੰਨਦਿਆਂ ਕੇਸ ਦਰਜ ਕਰ ਲਿਆ ਹੈ। ਪ੍ਰਤਿਊਸ਼ਾ ਦੇਸ਼ ਦੀ ਟੋਪ ਦੀਆਂ 30 ਫੈਸ਼ਨ ਡਿਜ਼ਾਈਨਰਾਂ ਵਿੱਚੋਂ ਇੱਕ ਸੀ।
ਮੰਨਿਆ ਜਾ ਰਿਹਾ ਹੈ ਕਿ ਪ੍ਰਤਿਊਸ਼ਾ ਦੀ ਮੌਤ ਕਾਰਬਨ ਮੋਨੋਆਕਸਾਈਡ ਗੈਸ ਕਾਰਨ ਹੋਈ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਉਸਮਾਨੀਆ ਹਸਪਤਾਲ ਭੇਜ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪ੍ਰਤਿਊਸ਼ਾ ਵੀ ਡਿਪ੍ਰੈਸ਼ਨ ਨਾਲ ਜੂਝ ਰਹੀ ਸੀ।
ਬੰਜਾਰਾ ਥਾਣੇ ਦੇ ਇੰਸਪੈਕਟਰ ਨਾਗੇਸ਼ਵਰ ਰਾਓ ਨੇ ਦੱਸਿਆ ਕਿ ਪ੍ਰਤਿਊਸ਼ਾ ਦੇ ਕਮਰੇ ‘ਚੋਂ ਇਕ ਨੋਟ ਵੀ ਬਰਾਮਦ ਹੋਇਆ ਹੈ। ਇਸ ਨੋਟ ‘ਚ ਉਸ ਨੇ ਕਿਸੇ ‘ਤੇ ਦੋਸ਼ ਨਹੀਂ ਲਗਾਇਆ ਹੈ। ਨੋਟ ‘ਚ ਡਿਜ਼ਾਈਨਰ ਨੇ ਲਿਖਿਆ, ”ਮੈਂ ਬਹੁਤ ਇਕੱਲੀ ਅਤੇ ਉਦਾਸ ਮਹਿਸੂਸ ਕਰ ਰਹੀ ਹਾਂ।” ਮੰਨਿਆ ਜਾ ਰਿਹਾ ਹੈ ਕਿ ਉਸ ਨੇ ਖੁਦਕੁਸ਼ੀ ਕੀਤੀ ਹੈ। ਹਾਲਾਂਕਿ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।