ਬਿਹਾਰ ਵਿੱਚ, ਰੇਲਵੇ ਭਰਤੀ ਬੋਰਡ (ਆਰਆਰਬੀ) ਵੱਲੋਂ ਆਰਆਰਬੀ ਐਨਟੀਪੀਸੀ ਸੀਬੀਟੀ 2 ਅਤੇ ਗਰੁੱਪ ਡੀ ਸੀਬੀਟੀ 1 ਦੀਆਂ ਪ੍ਰੀਖਿਆਵਾਂ ਵਿੱਚ ਗੜਬੜੀ ਦਾ ਦੋਸ਼ ਲਗਾਉਂਦੇ ਹੋਏ ਉਮੀਦਵਾਰਾਂ ਦਾ ਪ੍ਰਦਰਸ਼ਨ ਲਗਾਤਾਰ ਤੀਜੇ ਦਿਨ ਵੀ ਜਾਰੀ ਹੈ। ਅੱਜ ਕਈ ਥਾਵਾਂ ‘ਤੇ ਵਿਦਿਆਰਥੀਆਂ ਨੇ ਗੱਡੀਆਂ ਨੂੰ ਅੱਗ ਲਗਾ ਦਿੱਤੀ ਹੈ।
ਇਸ ਤੋਂ ਪਹਿਲਾਂ ਕੱਲ੍ਹ ਪਟਨਾ, ਸੀਤਾਮੜੀ, ਮੁਜ਼ੱਫਰਪੁਰ, ਆਰਾ, ਬਕਸਰ ਵਿੱਚ ਹੰਗਾਮਾ ਹੋਇਆ ਸੀ। ਮੰਗਲਵਾਰ ਨੂੰ ਸੀਤਾਮੜੀ ‘ਚ ਭੰਨਤੋੜ ਅਤੇ ਪਥਰਾਅ ਕਰ ਰਹੀ ਭੀੜ ਨੂੰ ਪੁਲਿਸ ਨੇ ਹਵਾ ‘ਚ ਗੋਲੀਬਾਰੀ ਕਰਕੇ ਖਦੇੜ ਦਿੱਤਾ ਸੀ। ਭਾਰੀ ਵਿਰੋਧ ਦੇ ਮੱਦੇਨਜ਼ਰ ਰੇਲਵੇ ਨੇ ਬੁੱਧਵਾਰ ਸਵੇਰੇ ਹੀ ਐਨਟੀਪੀਸੀ ਅਤੇ ਗਰੁੱਪ ਡੀ (ਸ਼੍ਰੇਣੀ-1) ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ ਰੇਲਵੇ ਦੇ ਇਸ ਫੈਸਲੇ ਤੋਂ ਬਾਅਦ ਵੀ ਵਿਦਿਆਰਥੀਆਂ ਦਾ ਗੁੱਸਾ ਨਹੀਂ ਰੁਕਿਆ ਹੈ ਅਤੇ ਪੂਰੇ ਬਿਹਾਰ ਵਿੱਚ ਵਿਦਿਆਰਥੀਆਂ ਦਾ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ।
ਅੱਜ ਗਯਾ ਵਿੱਚ ਵੀ ਵਿਦਿਆਰਥੀਆਂ ਨੇ ਹੰਗਾਮਾ ਕੀਤਾ। ਗਯਾ ਰੇਲਵੇ ਸਟੇਸ਼ਨ ਕੰਪਲੈਕਸ ‘ਚ ਚੱਲਦੀ ਟਰੇਨ ‘ਤੇ ਵਿਦਿਆਰਥੀਆਂ ਨੇ ਪਥਰਾਅ ਕੀਤਾ। ਦੂਜੇ ਪਾਸੇ ਗੁੱਸੇ ਵਿੱਚ ਆਏ ਵਿਦਿਆਰਥੀਆਂ ਨੇ ਯਾਰਡ ਵਿੱਚ ਖੜ੍ਹੀ ਪੈਸੰਜਰ ਟਰੇਨ ਨੂੰ ਅੱਗ ਲਾ ਦਿੱਤੀ। ਬੁੱਧਵਾਰ ਨੂੰ ਜਹਾਨਾਬਾਦ, ਸਮਸਤੀਪੁਰ, ਰੋਹਤਾਸ ਸਮੇਤ ਕਈ ਇਲਾਕਿਆਂ ‘ਚ ਵਿਦਿਆਰਥੀ ਰੇਲਵੇ ਟਰੈਕ ‘ਤੇ ਉਤਰ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਵਿਦਿਆਰਥੀਆਂ ਦੇ ਪ੍ਰਦਰਸ਼ਨ ਕਾਰਨ ਕਈ ਥਾਵਾਂ ‘ਤੇ ਟਰੇਨਾਂ ਵੀ ਠੱਪ ਹੋ ਗਈਆਂ। ਗੁੱਸੇ ‘ਚ ਆਏ ਵਿਦਿਆਰਥੀਆਂ ਨੇ ਗਯਾ ਜੰਕਸ਼ਨ ‘ਤੇ ਟਰੇਨ ਨੂੰ ਅੱਗ ਲਗਾ ਦਿੱਤੀ। ਪੁਲਿਸ ਨੇ ਸਥਿਤੀ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਵੀ ਛੱਡੇ।
ਵੀਡੀਓ ਲਈ ਕਲਿੱਕ ਕਰੋ -: