Rajnath Singh inaugurates 44 bridges: ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ਦੀ ਹੱਦ ਨਾਲ ਲੱਗਦੇ ਸੱਤ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੁੱਲ 44 ਬ੍ਰਿਜਾਂ( ਪੁਲਾਂ) ਦਾ ਉਦਘਾਟਨ ਕੀਤਾ ਹੈ। ਅੱਜ ਦੇ ਦਿਨ ਨੂੰ ਦੇਸ਼ ਦੀ ਸਰਹੱਦ ਦੀ ਸੁਰੱਖਿਆ ਲਈ ਇਤਿਹਾਸਕ ਦਿਨ ਮੰਨਿਆ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ, ਇਹ ਸਾਰੇ ਸਥਾਈ ਪੁਲ ਬਾਰਡਰ ਸੜਕ ਸੰਗਠਨ ਭਾਵ ਬੀ.ਆਰ.ਓ. ਦੁਆਰਾ ਤਿਆਰ ਕੀਤੇ ਗਏ ਹਨ। ਬੀ.ਆਰ.ਓ. ਦੁਆਰਾ ਬਣਾਏ ਗਏ ਇਨ੍ਹਾਂ 44 ਪੁਲਾਂ ਵਿਚੋਂ 10 ਜੰਮੂ-ਕਸ਼ਮੀਰ, 7 ਲੱਦਾਖ, 2 ਹਿਮਾਚਲ ਪ੍ਰਦੇਸ਼, 4 ਪੰਜਾਬ, 8 ਉਤਰਾਖੰਡ, 8 ਅਰੁਣਾਚਲ ਪ੍ਰਦੇਸ਼ ਅਤੇ 4 ਸਿੱਕਮ ਵਿੱਚ ਹਨ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਸਾਰੇ ਪੁਲਾਂ ਦਾ ਉਦਘਾਟਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਕੀਤਾ ਹੈ। ਇਸ ਸਮੇਂ ਦੌਰਾਨ ਹਿਮਾਚਲ ਪ੍ਰਦੇਸ਼, ਪੰਜਾਬ, ਅਰੁਣਾਚਲ ਪ੍ਰਦੇਸ਼, ਉਤਰਾਖੰਡ ਅਤੇ ਸਿੱਕਮ ਦੇ ਨਾਲ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਉਪ ਰਾਜਪਾਲ ਵੀ ਮੌਜੂਦ ਸਨ। ਬੀਆਰਓ ਦੇ ਡਾਇਰੈਕਟਰ ਜਨਰਲ, ਲੈਫਟੀਨੈਂਟ ਜਨਰਲ ਹਰਪਾਲ ਸਿੰਘ ਵੀ ਸ਼ਾਮਿਲ ਸਨ।
ਇਹ ਪਹਿਲਾ ਮੌਕਾ ਹੈ ਜਦੋਂ ਦੇਸ਼ ‘ਚ ਏਨੀਂ ਵੱਡੀ ਗਿਣਤੀ ‘ਚ ਵੱਖ-ਵੱਖ ਸਰਹੱਦਾਂ ‘ਤੇ ਪੁਲਾਂ ਦਾ ਉਦਘਾਟਨ ਕੀਤਾ ਗਿਆ ਹੈ। ਪਿੱਛਲੇ ਚਾਰ ਮਹੀਨਿਆਂ ਤੋਂ, ਚੀਨ ਨਾਲ ਚੱਲ ਰਹੇ ਟਕਰਾਅ ਦੇ ਕਾਰਨ, ਬੀਆਰਓ ਦਿਨ ਅਤੇ ਰਾਤ ਇੱਕ ਕਰ ਸਰਹੱਦਾਂ ਦੇ ਦਰਿਆ-ਨਾਲਿਆਂ ਤੇ ਪੁਲਾਂ ਦਾ ਨਿਰਮਾਣ ਕਰ ਰਿਹਾ ਹੈ। ਇਨ੍ਹਾਂ ਵਿੱਚੋਂ 22 ਨੂੰ ਇਕੱਲੇ ਚੀਨ ਦੀ ਸਰਹੱਦ ‘ਤੇ ਜਾਣ ਲਈ ਤਿਆਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਹਿਮਾਚਲ ਪ੍ਰਦੇਸ਼ ਦੇ ਦਾਰਚਾ ਵਿਖੇ ਤਿਆਰ ਕੀਤਾ ਗਿਆ ਹੈ, ਜੋ ਲੱਗਭਗ 350 ਮੀਟਰ ਲੰਬਾ ਹੈ। ਤੁਹਾਨੂੰ ਦੱਸ ਦੇਈਏ ਕਿ ਪਿੱਛਲੇ ਸਾਢੇ ਚਾਰ ਮਹੀਨਿਆਂ ਤੋਂ ਭਾਰਤ ਦਾ ਪੂਰਬੀ ਲੱਦਾਖ ਨਾਲ ਲੱਗਦੀ ਐਲਏਸੀ ‘ਤੇ ਚੀਨ ਨਾਲ ਟਕਰਾਅ ਚੱਲ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਇਹ ਬਹੁਤ ਮਹੱਤਵਪੂਰਨ ਹੈ ਕਿ ਰੋਹਤਾਂਗ ਸੁਰੰਗ ਰਾਹੀਂ ਫੌਜ ਦੀ ਸਪਲਾਈ ਲਾਈਨ ਪੂਰਬੀ ਲੱਦਾਖ ਦੇ ਰਸਤੇ ਖੁੱਲੀ ਰਹੀ। ਪੂਰਬੀ ਲੱਦਾਖ ਤੋਂ ਇਲਾਵਾ, ਹਿਮਾਚਲ ਪ੍ਰਦੇਸ਼, ਉਤਰਾਖੰਡ, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਦੇ ਨਾਲ ਲੱਗਦੇ ਐਲਏਸੀ ‘ਤੇ ਚੀਨੀ ਸੈਨਾ ਦੀਆਂ ਗਤੀਵਿਧੀਆਂ ਵੀ ਪਿੱਛਲੇ ਦਿਨਾਂ ‘ਚ ਵਧੀਆਂ ਹਨ। ਅਜਿਹੀ ਸਥਿਤੀ ਵਿੱਚ, ਇਨ੍ਹਾਂ ਪੁਲਾਂ ਦੀ ਫੌਜ ਦੀ ਮੂਵਮੈਂਟ ਲਈ ਸਖਤ ਲੋੜ ਸੀ।