Rajnath Singh leaves for Russia: ਭਾਰਤ ਅਤੇ ਚੀਨ ਵਿਚਾਲੇ ਇਨ੍ਹੀ ਦਿਨੀਂ ਵਿਵਾਦ ਚੱਲ ਰਿਹਾ ਹੈ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਮਾਸਕੋ, ਰੂਸ ਲਈ ਰਵਾਨਾ ਹੋਏ । ਰਾਜਨਾਥ ਦਾ ਇਹ ਦੌਰਾ ਤਿੰਨ ਦਿਨਾਂ ਲਈ ਹੋਵੇਗਾ, ਜਿੱਥੇ ਉਹ ਰੂਸ ਦੇ ਵਿਕਟਰੀ ਡੇਅ ਪਰੇਡ ਦੇ 75 ਸਾਲ ਪੂਰੇ ਹੋਣ ‘ਤੇ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ । ਖਾਸ ਗੱਲ ਇਹ ਹੈ ਕਿ ਇਸ ਦੌਰਾਨ ਇੱਥੇ ਚੀਨ ਦੇ ਨੁਮਾਇੰਦੇ ਅਤੇ ਮੰਤਰੀ ਵੀ ਸ਼ਾਮਿਲ ਹੋਣਗੇ, ਪਰ ਰਾਜਨਾਥ ਸਿੰਘ ਉਨ੍ਹਾਂ ਨਾਲ ਮੁਲਾਕਾਤ ਨਹੀਂ ਕਰਨਗੇ ।
ਦਰਅਸਲ, ਦੂਜੇ ਵਿਸ਼ਵ ਯੁੱਧ ਵਿੱਚ ਸੋਵੀਅਤ ਯੂਨੀਅਨ ਦੀ ਜਿੱਤ ਨੂੰ 75 ਸਾਲ ਪੂਰੇ ਹੋ ਰਹੇ ਹਨ, ਇਸ ਮੌਕੇ ਇਹ ਜਿੱਤ ਦੀ ਪਰੇਡ ਕੱਢੀ ਜਾ ਰਹੀ ਹੈ। ਪਹਿਲਾਂ ਇਹ ਪਰੇਡ ਮਈ ਵਿੱਚ ਕੱਢੀ ਜਾਣੀ ਸੀ, ਪਰ ਕੋਰੋਨਾ ਸੰਕਟ ਕਾਰਨ ਇਸਨੂੰ ਟਾਲ ਦਿੱਤਾ ਗਿਆ। ਇਸ ਦੌਰਾਨ ਬਹੁਤ ਸਾਰੇ ਦੇਸ਼ਾਂ ਦੇ ਨੁਮਾਇੰਦੇ ਸ਼ਾਮਿਲ ਹੋਣਗੇ, ਜਿੱਥੇ ਰੂਸੀ ਵਿਦੇਸ਼ ਮੰਤਰੀ ਸਭ ਦਾ ਸਵਾਗਤ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਚੀਨੀ ਮੰਤਰੀ ਵੀ ਇਸ ਪ੍ਰੋਗਰਾਮ ਵਿਚ ਹਿੱਸਾ ਲੈਣਗੇ,ਪਰ ਮੌਜੂਦਾ ਤਣਾਅ ਕਾਰਨ ਰਾਜਨਾਥ ਸਿੰਘ ਉਨ੍ਹਾਂ ਨੂੰ ਨਹੀਂ ਮਿਲਣਗੇ।
ਗੌਰਤਲਬ ਹੈ ਕਿ ਭਾਵੇਂ ਦੋਵਾਂ ਦੇਸ਼ਾਂ ਵਿਚਾਲੇ ਸੈਨਿਕ ਅਤੇ ਕੂਟਨੀਤਕ ਪੱਧਰ ਦੀ ਗੱਲਬਾਤ ਜਾਰੀ ਹੈ, ਪਰ 20 ਭਾਰਤੀ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ । ਇਹ ਪਰੇਡ 24 ਜੂਨ ਨੂੰ ਕੀਤੀ ਜਾਵੇਗੀ, ਇਸ ਲਈ ਰਾਜਨਾਥ ਦਾ ਦੌਰਾ ਤਿੰਨ ਦਿਨਾਂ ਦਾ ਹੋਵੇਗਾ।
ਦੱਸ ਦੇਈਏ ਕਿ ਭਾਰਤ ਦੀਆਂ ਤਿੰਨਾਂ ਸੈਨਾਵਾਂ ਦੇ 75 ਮੈਂਬਰ ਪਹਿਲਾਂ ਹੀ ਵਿਕਟੋਰੀ ਪਰੇਡ ਵਿੱਚ ਹਿੱਸਾ ਲੈਣ ਲਈ ਪਹੁੰਚ ਚੁੱਕੇ ਹਨ । ਰੂਸ ਅਤੇ ਹੋਰ ਫੌਜਾਂ ਦੇ ਨਾਲ ਭਾਰਤੀ ਫੌਜ ਦੇ ਜਵਾਨ ਵੀ ਇਸ ਪਰੇਡ ਵਿੱਚ ਹਿੱਸਾ ਲੈਣਗੇ । ਵਿਕਟੋਰੀ ਡੇਅ ਪਰੇਡ ਵਿੱਚ ਹਿੱਸਾ ਲੈਣ ਵਾਲੀ ਟੁਕੜੀ ਦੀ ਅਗਵਾਈ ਵੀਰ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਦੇ ਇੱਕ ਵੱਡੇ ਰੈਂਕ ਦੇ ਅਧਿਕਾਰੀ ਕਰ ਰਹੇ ਹਨ।