Rajnath Singh meets Chinese counterpart: ਨਵੀਂ ਦਿੱਲੀ: ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਚੀਨੀ ਰੱਖਿਆ ਮੰਤਰੀ ਵੇਈ ਫੇਂਗੀ ਵਿਚਕਾਰ ਸ਼ੁੱਕਰਵਾਰ ਨੂੰ ਮਾਸਕੋ ਵਿੱਚ ਮੁਲਾਕਾਤ ਹੋਈ। ਤਕਰੀਬਨ 2 ਘੰਟੇ 20 ਮਿੰਟ ਚੱਲੀ ਇਸ ਮੁਲਾਕਾਤ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਦਰਅਸਲ, ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (LAC) ‘ਤੇ ਤਣਾਅਪੂਰਨ ਸਥਿਤੀ ਦੇ ਬਾਅਦ ਦੋਹਾਂ ਨੇਤਾਵਾਂ ਦੀ ਇਹ ਪਹਿਲੀ ਫੇਸ ਟੂ ਫੇਸ ਮੁਲਾਕਾਤ ਸੀ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਚਾਰ ਮਹੀਨਿਆਂ ਤੋਂ ਦੋਵੇਂ ਦੇਸ਼ਾਂ ਦੀ ਫੌਜ LAC ‘ਤੇ ਆਹਮੋ-ਸਾਹਮਣੇ ਹੈ। ਅਜਿਹੀ ਸਥਿਤੀ ਵਿੱਚ ਇਸ ਮੀਟਿੰਗ ਵਿੱਚ ਤਣਾਅ ਘਟਾਉਣ ਬਾਰੇ ਵਿਚਾਰ ਵਟਾਂਦਰੇ ਹੋਏ । ਦੋਵੇਂ ਨੇਤਾ ਸ਼ੰਘਾਈ ਸਹਿਕਾਰਤਾ ਸੰਗਠਨ (SCO) ਸੰਮੇਲਨ ਲਈ ਰੂਸ ਪਹੁੰਚੇ ਹਨ। ਇਸ ਤੋਂ ਪਹਿਲਾਂ ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰੀਂਗਲਾ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਸਰਹੱਦ ‘ਤੇ ਸਥਿਤੀ ਅਵਿਸ਼ਵਾਸੀ ਹੈ।
ਸੂਤਰਾਂ ਅਨੁਸਾਰ ਗੱਲਬਾਤ ਦੌਰਾਨ ਸਿੰਘ ਨੇ ਪੂਰਬੀ ਲੱਦਾਖ ਵਿੱਚ ਸਥਿਤੀ ਕਾਇਮ ਰੱਖਣ ਦੀ ਗੱਲ ਕੀਤੀ । ਇਸ ਤੋਂ ਇਲਾਵਾ ਉਨ੍ਹਾਂ ਨੇ ਫੌਜਾਂ ਨੂੰ ਤੇਜ਼ੀ ਨਾਲ ਹਟਾਏ ਜਾਣ ਦੇ ਮੁੱਦੇ ‘ਤੇ ਵੀ ਜ਼ੋਰ ਦਿੱਤਾ । ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਸ਼ਾਂਤੀ ਲਈ ਚੀਨ ਨੂੰ ਫੌਜ ਵਾਪਸ ਲੈਣੀ ਹੋਵੇਗੀ। ਦਰਅਸਲ, ਪਿਛਲੇ ਹਫ਼ਤੇ ਪਨਗੋਂਗ ਤਸੋ ਝੀਲ ਵਿੱਚ ਹੋਏ ਵਿਵਾਦ ਤੋਂ ਬਾਅਦ ਵਿਵਾਦ ਹੋਰ ਵੱਧ ਗਿਆ ਹੈ । ਭਾਰਤੀ ਫੌਜ ਨੇ ਪੀਪਲਜ਼ ਲਿਬਰੇਸ਼ਨ ਆਰਮੀ ਨੂੰ ਪਿੱਛੇ ਧੱਕਦੇ ਹੋਏ ਰਣਨੀਤਿਕ ਰੂਪ ਨਾਲ ਇੱਕ ਮਹੱਤਵਪੂਰਨ ਅਹੁਦੇ ‘ਤੇ ਕਬਜ਼ਾ ਕੀਤਾ ਹੈ। ਅਜਿਹੀ ਸਥਿਤੀ ਵਿੱਚ ਚੀਨ ਭਾਰਤ ਦੀ ਜਵਾਬੀ ਕਾਰਵਾਈ ਤੋਂ ਬੌਖਲਾਇਆ ਹੋਇਆ ਹੈ । ਉੱਥੇ ਹੀ ਦੂਜੇ ਪਾਸੇ ਚੀਨ ਪੈਨਗੋਂਗ ਤਸੋ ਦੇ ਉੱਤਰੀ ਘਾਟ ਅਤੇ ਗੋਗਰਾ ਪੋਸਟ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਹੈ।
ਭਾਰਤੀ ਪ੍ਰਤੀਨਿਧੀ ਮੰਡਲ ਵਿੱਚ ਰੱਖਿਆ ਸਕੱਤਰ ਅਜੈ ਕੁਮਾਰ ਅਤੇ ਰੂਸ ਵਿੱਚ ਭਾਰਤ ਦੇ ਰਾਜਦੂਤ ਡੀਬੀ ਵੈਂਕਟੇਸ਼ ਵਰਮਾ ਵੀ ਸ਼ਾਮਿਲ ਸਨ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਸਸੀਓ ਨੂੰ ਦਿੱਤੇ ਆਪਣੇ ਸੰਬੋਧਨ ਵਿੱਚ ਕਿਹਾ ਸੀ ਕਿ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਲਈ ਭਰੋਸੇ ਦਾ ਮਾਹੌਲ, ਗੈਰ-ਹਮਲਾਵਰਤਾ, ਅੰਤਰਰਾਸ਼ਟਰੀ ਨਿਯਮਾਂ ਦਾ ਸਤਿਕਾਰ ਅਤੇ ਮਤਭੇਦਾਂ ਦੇ ਸ਼ਾਂਤੀਪੂਰਨ ਹੱਲ ਦੀ ਲੋੜ ਹੈ। ਰੱਖਿਆ ਮੰਤਰੀ ਦਾ ਇਹ ਬਿਆਨ ਪੂਰਬੀ ਲੱਦਾਖ ਵਿੱਚ ਭਾਰਤ ਨਾਲ ਸਰਹੱਦੀ ਵਿਵਾਦ ਨਾਲ ਜੁੜਿਆ ਹੋਇਆ ਹੈ। ਦੱਸ ਦਈਏ ਕਿ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਗਲੇ ਹਫਤੇ ਐਸਸੀਓ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿੱਚ ਸ਼ਾਮਿਲ ਹੋਣ ਲਈ ਰੂਸ ਵੀ ਜਾ ਸਕਦੇ ਹਨ।