Rajnath Singh says: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹੈਦਰਾਬਾਦ ਦੇ ਡੁੰਡੀਗਲ ਵਿੱਚ ਏਅਰ ਫੋਰਸ ਅਕੈਡਮੀ ਵਿੱਚ ਸੰਯੁਕਤ ਗ੍ਰੈਜੂਏਸ਼ਨ ਪਰੇਡ ਦਾ ਜਾਇਜ਼ਾ ਲਿਆ । ਇਸ ਦੌਰਾਨ ਉਨ੍ਹਾਂ ਨੇ ਕਿਹਾ, ‘ਹੁਣ ਭਾਰਤ ਨਾ ਸਿਰਫ ਦੇਸ਼ ਦੇ ਅੰਦਰ, ਬਲਕਿ ਸਰਹੱਦ ਪਾਰ ਕਰਕੇ ਅੱਤਵਾਦੀਆਂ ਖਿਲਾਫ ਪ੍ਰਭਾਵਸ਼ਾਲੀ ਕਾਰਵਾਈ ਕਰ ਰਿਹਾ ਹੈ । ਬਾਲਕੋਟ ਵਿੱਚ ਭਾਰਤੀ ਹਵਾਈ ਫੌਜ ਨੇ ਅੱਤਵਾਦ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਕਰ ਕੇ ਪੂਰੀ ਦੁਨੀਆ ਨੂੰ ਭਾਰਤੀ ਫੌਜ ਦੀ ਤਾਕਤ ਅਤੇ ਦਹਿਸ਼ਤ ਵਿਰੁੱਧ ਇਸਦੇ ਮਜ਼ਬੂਤ ਇਰਾਦਿਆਂ ਤੋਂ ਜਾਣੂ ਕਰਵਾਇਆ।’
ਰਾਜਨਾਥ ਸਿੰਘ ਨੇ ਕਿਹਾ ਕਿ ਪੱਛਮੀ ਸੈਕਟਰ ਵਿੱਚ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ‘ਤੇ ਆਏ ਦਿਨ ਸਾਡੇ ਗੁਆਂਢੀ ਕੁਝ ਨਾ ਕੁਝ ਨਾਪਾਕ ਗਤੀਵਿਧੀਆਂ ਕਰਦੇ ਰਹਿੰਦੇ ਹਨ। ਇੱਕ ਨਹੀਂ ਬਲਕਿ ਚਾਰ ਜੰਗਾਂ ਵਿੱਚ ਹਾਰਨ ਦੇ ਬਾਵਜੂਦ ਪਾਕਿਸਤਾਨ ਅੱਤਵਾਦ ਦੇ ਜ਼ਰੀਏ ਪ੍ਰੌਕਸੀ ਲੜਾਈ ਲੜ ਰਿਹਾ ਹੈ । ਇਸ ਦੌਰਾਨ ਉਨ੍ਹਾਂ ਨੇ ਚੀਨ ਨੂੰ ਵੀ ਜਵਾਬ ਦਿੱਤਾ। ਰੱਖਿਆ ਮੰਤਰੀ ਨੇ ਕਿਹਾ ਕਿ ਉੱਤਰੀ ਖੇਤਰ ਵਿੱਚ ਹਾਲ ਹੀ ਵਿੱਚ ਹੋਏ ਭਾਰਤ-ਚੀਨ ਗਤਿਰੋਧ ਤੋਂ ਸਭ ਜਾਣੂ ਹਨ ।
ਇਸ ਤੋਂ ਅੱਗੇ ਰਾਜਨਾਥ ਸਿੰਘ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਮਿਲਟਰੀ ਅਤੇ ਕੂਟਨੀਤਕ ਚੈਨਲਾਂ ਰਾਹੀਂ ਗੱਲਬਾਤ ਹੋ ਰਹੀ ਹੈ । ਅਸੀਂ ਸੰਘਰਸ਼ ਨਹੀਂ ਬਲਕਿ ਸ਼ਾਂਤੀ ਚਾਹੁੰਦੇ ਹਾਂ। ਪਰ ਅਸੀਂ ਦੇਸ਼ ਦੇ ਸਵੈ-ਮਾਣ ‘ਤੇ ਕਿਸੇ ਕਿਸਮ ਦੀ ਸੱਟ ਨੂੰ ਸਹਿਣ ਨਹੀਂ ਕਰਾਂਗੇ। ਅਸੀਂ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ। ਰੱਖਿਆ ਮੰਤਰੀ ਨੇ ਕਿਹਾ ਕਿ ਜਿਸ ਸੰਗਠਨ ਦਾ ਤੁਸੀਂ ਹੁਣ ਹਿੱਸਾ ਹੋ, ਉਸ ਦਾ ਗੌਰਵਸ਼ਾਲੀ ਇਤਿਹਾਸ ਰਿਹਾ ਹੈ। ਦੇਸ਼ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਭਾਰਤੀ ਹਵਾਈ ਫੌਜ ਨੇ ਜ਼ਰੂਰਤ ਪੈਣ ‘ਤੇ ਦੁਸ਼ਮਣ ਦੇ ਹੌਂਸਲੇ ਪਸਤ ਕਰਨ ਵਾਲੇ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਹੈ।