Rajnath Singh says India will not: ਨਵੀਂ ਦਿੱਲੀ: ਪੂਰਬੀ ਲੱਦਾਖ ਵਿਚ ਭਾਰਤ-ਚੀਨ ਵਿਚਾਲੇ ਤਣਾਅ ਜਾਰੀ ਹੈ। ਇਸੇ ਵਿਚਾਲੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਜਦੋਂ ਤੱਕ ਚੀਨ ਪਿੱਛੇ ਨਹੀਂ ਹਟੇਗਾ, ਉਦੋਂ ਤੱਕ ਭਾਰਤ ਆਪਣੇ ਫੌਜੀਆਂ ਦੀ ਗਿਣਤੀ ਘੱਟ ਨਹੀਂ ਕਰੇਗਾ । ਹਾਲਾਂਕਿ ਉਨ੍ਹਾਂ ਨੇ ਗੱਲਬਾਤ ਰਾਹੀਂ ਸਮੱਸਿਆ ਦਾ ਹੱਲ ਨਿਕਲਣ ਦੀ ਉਮੀਦ ਪ੍ਰਗਟਾਈ ਹੈ।
ਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਸਰਹੱਦੀ ਖੇਤਰਾਂ ਵਿੱਚ ਬੇਹੱਦ ਤੇਜ਼ੀ ਨਾਲ ਮੁੱਢਲਾ ਢਾਂਚਾ ਵਿਕਸਿਤ ਕਰ ਰਿਹਾ ਹੈ ਅਤੇ ਚੀਨ ਨੇ ਕੁਝ ਪ੍ਰਾਜੈਕਟਾਂ ਨੂੰ ਲੈ ਕੇ ਇਤਰਾਜ਼ ਵੀ ਜਤਾਇਆ ਹੈ। ਰਾਜਨਾਥ ਸਿੰਘ ਨੇ ਇੱਕ ਇੰਟਰਵਿਊ ਦੌਰਾਨ ਕਿਹਾ, ‘ਫੌਜ ਦੀ ਗਿਣਤੀ ਵਿੱਚ ਕਮੀ ਨਹੀਂ ਕੀਤੀ ਜਾਵੇਗੀ । ਭਾਰਤ ਫੌਜੀਆਂ ਦੀ ਤੈਨਾਤੀ ਵਿੱਚ ਉਦੋਂ ਤੱਕ ਕਮੀ ਨਹੀਂ ਕਰੇਗਾ, ਜਦੋਂ ਤੱਕ ਚੀਨ ਇਹ ਪ੍ਰਕਿਰਿਆ ਸ਼ੁਰੂ ਨਹੀਂ ਕਰਦਾ। ਰਾਜਨਾਥ ਸਿੰਘ ਨੇ ਕਿਹਾ ਕਿ ਜਾਰੀ ਤਣਾਅ ਵਰਗੇ ਮੁੱਦਿਆਂ ਨੂੰ ਲੈ ਕੇ ਕੋਈ ਸਮਾਂ ਸੀਮਾ ਤੈਅ ਨਹੀਂ ਹੈ। ਗੱਲਬਾਤ ਰਾਹੀਂ ਹੱਲ ਨਿਕਲਣ ਦੇ ਪੂਰੇ ਆਸਾਰ ਹਨ।
ਇਸ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼ ਵਿੱਚ ਚੀਨ ਵੱਲੋਂ ਇੱਕ ਪਿੰਡ ਵਸਾਉਣ ਦੀ ਰਿਪੋਰਟ ਸਬੰਧੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਸਰਹੱਦ ਨਾਲ ਲੱਗਦਾ ਇਲਾਕਾ ਹੈ ਅਤੇ ਇਸ ਤਰ੍ਹਾਂ ਦੇ ਬੁਨਿਆਦੀ ਢਾਂਚੇ ਨੂੰ ਕਈ ਸਾਲਾਂ ਦੌਰਾਨ ਵਿਕਸਿਤ ਕੀਤਾ ਗਿਆ ਹੈ।