ਕਿਸਾਨ ਅੰਦੋਲਨ ਦੇ ਮੁਲਤਵੀ ਹੋਣ ਤੋਂ ਬਾਅਦ ਅੱਜ 383 ਦਿਨਾਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਆਪਣੇ ਘਰ ਪਰਤ ਰਹੇ ਹਨ। ਟਿਕੈਤ ਮੁਜ਼ੱਫਰਨਗਰ ਦੇ ਸਿਸੌਲੀ ਦੇ ਰਹਿਣ ਵਾਲੇ ਹਨ।
ਦੱਸ ਦੇਈਏ ਕਿ ਟਿਕੈਤ ਨੇ ਕਿਹਾ ਸੀ ਕਿ ਜਦੋਂ ਤੱਕ ਕਾਨੂੰਨ ਵਾਪਸੀ ਨਹੀਂ ਓਦੋਂ ਤੱਕ ਘਰ ਵਾਪਸੀ ਨਹੀਂ। ਪਰ ਸਰਕਾਰ ਵੱਲੋਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਅਤੇ ਲਟਕਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਵੱਲੋਂ ਪ੍ਰਸਤਾਵ ਮਿਲਣ ਤੋਂ ਬਾਅਦ ਇੱਕ ਸਾਲ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਮੁਲਤਵੀ ਹੋ ਗਿਆ ਹੈ। ਘਰ ਪਰਤਣ ਤੋਂ ਪਹਿਲਾਂ ਰਾਕੇਸ਼ ਟਿਕੈਤ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਉਹ ਗਾਜ਼ੀਪੁਰ ਸਰਹੱਦ ਅਤੇ ਇੱਥੇ ਮਿਲੇ ਲੋਕਾਂ ਨੂੰ ਯਾਦ ਕਰਨਗੇ। ਟਿਕੈਤ ਬਾਰਡਰ ‘ਤੇ ਜਿਸ ਅਸਥਾਈ ਝੌਂਪੜੀ ‘ਚ ਰਹਿੰਦੇ ਸੀ, ਉਨ੍ਹਾਂ ਉਸ ‘ਤੇ ਮੱਥਾ ਟੇਕਿਆ ਅਤੇ ਕਿਹਾ ਕਿ ਮੈਂ ਇਸ ਨੂੰ ਵੀ ਆਪਣੇ ਨਾਲ ਲੈ ਕੇ ਜਾ ਰਿਹਾ ਹਾਂ।
ਟਿਕੈਤ ਨੇ ਭਾਵੁਕ ਹੋ ਕੇ ਕਿਹਾ ਕਿ ਹਰ ਕੋਈ ਹੌਲੀ-ਹੌਲੀ ਜਾ ਰਿਹਾ ਹੈ। ਹੁਣ ਸਿਰਫ਼ ਯਾਦਾਂ ਰਹਿ ਜਾਣਗੀਆਂ। ਉਨ੍ਹਾਂ ਨੇ ਦੱਸਿਆ ਕਿ ਉਹ ਇੱਥੇ 13 ਮਹੀਨੇ ਰਹੇ ਹਨ ਪਰ ਘਰ 13 ਘੰਟੇ ਹੀ ਰਹਿਣਗੇ। ਕਿਉਂਕਿ ਉਨ੍ਹਾਂ ਨੇ ਹੈਦਰਾਬਾਦ ਜਾਣਾ ਹੈ ਅਤੇ ਉਸ ਤੋਂ ਬਾਅਦ ਤਾਮਿਲਨਾਡੂ ‘ਚ ਪ੍ਰੋਗਰਾਮ ਹੈ। ਇਹ ਪੁੱਛੇ ਜਾਣ ‘ਤੇ ਕਿ ਕੀ ਤੁਸੀਂ ਹੁਣ ਗਾਜ਼ੀਪੁਰ ਪਰਤੋਗੇ? ਇਸ ਲਈ ਉਨ੍ਹਾਂ ਕਿਹਾ ਕਿ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਸਭ ਉੱਪਰ ਵਾਲੇ ‘ਤੇ ਛੱਡ ਦਿਓ।
ਰਾਕੇਸ਼ ਟਿਕੈਤ ਦਿੱਲੀ ਦੇ ਗਾਜ਼ੀਪੁਰ ਬਾਰਡਰ ਤੋਂ ਆਪਣੇ ਪਿੰਡ ਮੁਜ਼ੱਫਰਨਗਰ ਤੋਂ ਸਿਸੌਲੀ ਲਈ ਰਵਾਨਾ ਹੋ ਰਹੇ ਹਨ। ਇਸ ਦੌਰਾਨ ਟਿਕੈਤ ਦਾ ਮੋਦੀਨਗਰ, ਮੇਰਠ, ਖਤੌਲੀ, ਮਨਸੂਰਪੁਰ, ਸੌਰਮ ਚੌਪਾਲ ‘ਚ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ, ਰਾਕੇਸ਼ ਟਿਕੈਤ ਸ਼ਾਮ 4 ਵਜੇ ਦੇ ਕਰੀਬ ਸਿਸੌਲੀ ਪਹੁੰਚਣਗੇ। ਸਿਸੌਲੀ ਪਹੁੰਚਣ ਤੋਂ ਬਾਅਦ, ਟਿਕੈਤ ਪਹਿਲਾਂ ਉਸ ਚਬੂਤਰੇ ‘ਤੇ ਜਾਣਗੇ ਜਿੱਥੇ ਉਨ੍ਹਾਂ ਨੇ ਖੇਤੀਬਾੜੀ ਕਾਨੂੰਨ ਨੂੰ ਰੱਦ ਕੀਤੇ ਜਾਣ ਤੱਕ ਘਰ ਵਾਪਿਸ ਨਾ ਆਉਣ ਦੀ ਸਹੁੰ ਚੁੱਕੀ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਚਬੂਤਰੇ ‘ਤੇ ਬੈਠ ਕੇ ਰਾਕੇਸ਼ ਟਿਕੈਤ ਦੇ ਪਿਤਾ ਕਿਸਾਨ ਆਗੂ ਮਹਿੰਦਰ ਸਿੰਘ ਟਿਕੈਤ ਵੀ ਸਰਵਖਾਪ ਦੇ ਫੈਸਲੇ ਲੈਂਦੇ ਸਨ।
ਰਾਕੇਸ਼ ਟਿਕੈਤ ਦੀ ਘਰ ਵਾਪਸੀ ਲਈ ਸਰਵਖਾਪ ਹੈੱਡਕੁਆਰਟਰ ਸੋਰਮ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਹੈੱਡਕੁਆਰਟਰ ਸਿਸੌਲੀ ਵਿਖੇ ਜ਼ੋਰਦਾਰ ਤਿਆਰੀਆਂ ਕੀਤੀਆਂ ਗਈਆਂ ਹਨ। ਸਿਸੌਲੀ ਦੇ ਕਿਸਾਨ ਭਵਨ ਨੂੰ ਸੁੰਦਰ ਲਾਈਟਾਂ ਨਾਲ ਸਜਾਇਆ ਗਿਆ ਹੈ, ਕਈ ਕੁਇੰਟਲ ਲੱਡੂ ਤਿਆਰ ਕੀਤੇ ਜਾ ਰਹੇ ਹਨ, ਤਿਆਰੀਆਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਰੇਸ਼ ਟਿਕੈਤ ਵੱਲੋਂ ਕਰਵਾਈਆਂ ਜਾ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: