Rebellion in congress : ਸੀਨੀਅਰ ਕਾਂਗਰਸੀ ਨੇਤਾ ਗੁਲਾਮ ਨਬੀ ਆਜ਼ਾਦ ਦੇ ਰਾਜ ਸਭਾ ਤੋਂ ਜਾਣ ਤੋਂ ਬਾਅਦ ਕਾਂਗਰਸ ਵਿੱਚ ਇੱਕ ਵਾਰ ਫਿਰ ਬਗ਼ਾਵਤ ਹੋ ਸਕਦੀ ਹੈ। ਦੱਸ ਦਈਏ ਕਿ ਪਿਛਲੇ ਸਾਲ ਅਗਸਤ ‘ਚ ਸੋਨੀਆ ਗਾਂਧੀ ਨੂੰ G23 ਨੇਤਾਵਾਂ ਵੱਲੋਂ ਇੱਕ ਚਿੱਠੀ ਲਿਖੀ ਗਈ ਸੀ, ਚਿੱਠੀ ਲਿਖਣ ਵਾਲਿਆਂ ‘ਚੋਂ ਕੁਝ ਇਕ ਵਾਰ ਫਿਰ ਇਕੱਠੇ ਹੋ ਰਹੇ ਹਨ। ਹਾਲਾਂਕਿ ਇਸ ਵਾਰ ਲੜਾਈ ਦਾ ਮੈਦਾਨ ਦਿੱਲੀ ਨਹੀਂ ਬਲਕਿ ਜੰਮੂ ਦਾ ਹੋਵੇਗਾ,ਕਿਉਂਕਿ ਲੰਬੇ ਸਮੇਂ ਤੋਂ ਬਾਅਦ ਆਜ਼ਾਦ ਇੱਥੇ ਜਨਤਕ ਸਭਾਵਾਂ ਲਈ ਵਾਪਸ ਆ ਰਹੇ ਹਨ। ਦਰਅਸਲ ਜੰਮੂ ਆਜ਼ਾਦ ਦੀ ਕਰਮ ਭੂਮੀ ਰਹੀ ਹੈ ਤੇ ਪਾਰਟੀ ‘ਚ ਬਗਾਵਤ ਲਈ ਇਹ ਜਗ੍ਹਾ ਬਿਲਕੁਲ ਸਹੀ ਮੰਨੀ ਜਾ ਰਹੀ ਹੈ।
ਸਮਰਥਨ ‘ਚ 6 ਹੋਰ ਬਾਗੀਆਂ ਕਪਿਲ ਸਿੱਬਲ, ਆਨੰਦ ਸ਼ਰਮਾ, ਵਿਵੇਕ ਤੰਖਾ, ਅਖਿਲੇਸ਼ ਪ੍ਰਸਾਦ ਸਿੰਘ, ਮਨੀਸ਼ ਤਿਵਾੜੀ ਤੇ ਭੁਪਿੰਦਰ ਹੁੱਡਾ ਦਾ ਸਾਥ ਮਿਲਣ ਨਾਲ ਆਜ਼ਾਦ ਇਸ ਵਾਰ ਵੀ ਇੱਕਲੇ ਨਹੀਂ ਹੋਣਗੇ। ਇਸ ਬੈਠਕ ਤੋਂ ਇਕ ਗੱਲ ਸਪੱਸ਼ਟ ਹੈ ਕਿ ਇਹ ਪਾਰਟੀ ਦੇ ਸਾਹਮਣੇ ਹਿੰਮਤ ਅਤੇ ਏਕਤਾ ਦਾ ਸੰਦੇਸ਼ ਹੋਵੇਗਾ। ਆਜ਼ਾਦ ਦੇ ਜਾਣ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਨੇ ਉਨ੍ਹਾਂ ਨੂੰ ਕਿਸੇ ਹੋਰ ਸੂਬੇ ਤੋਂ ਰਾਜ ਸਭਾ ਦੀ ਸੀਟ ਦੇਣ ਦੇ ਸਹਿਯੋਗੀ ਪਾਰਟੀਆਂ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ। ਇਸ ਤੋਂ ਇਲਾਵਾ ਚੋਣਾਂ ਦੌਰਾਨ ਵੀ ਪਾਰਟੀ ਕਿਸੇ ਸੀਨੀਅਰ ਨੇਤਾ ਦੀ ਸਲਾਹ ਨਹੀਂ ਲੈਂਦੀ।
ਡੀਐਮਕੇ ਦੇ ਕੰਮ ਨੂੰ ਚੰਗੀ ਤਰ੍ਹਾਂ ਸਮਝਣ ਵਾਲੇ ਅਜ਼ਾਦ ਨੂੰ ਸੀਟ ਦੀ ਵੰਡ ਬਾਰੇ ਗੱਲਬਾਤ ਕਰਨ ਲਈ ਨਹੀਂ ਭੇਜਿਆ ਗਿਆ ਸੀ। ਉਨ੍ਹਾਂ ਦੀ ਜਗ੍ਹਾ ਰਣਦੀਪ ਸੁਰਜੇਵਾਲਾ ਨੂੰ ਤਰਜੀਹ ਦਿੱਤੀ ਗਈ ਸੀ। ਇਸ ਨਾਲ ਭੁਪਿੰਦਰ ਹੁੱਡਾ ਦੀ ਨਾਰਾਜ਼ਗੀ ਵਧੀ। ਆਨੰਦ ਸ਼ਰਮਾ ਦੇ ਰਾਜ ਸਭਾ ਦੇ ਕਾਰਜਕਾਲ ‘ਚ ਸਿਰਫ ਇਕ ਸਾਲ ਬਾਕੀ ਹੈ। ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਲਈ ਇੰਨ੍ਹਾ ਨੂੰ ਨਜ਼ਰ ਅੰਦਾਜ਼ ਕਰਕੇ ਇਹ ਅਹੁਦਾ ਰਾਹੁਲ ਗਾਂਧੀ ਦੇ ਕਰੀਬੀ ਮਲੀਕਾਰਜੁਨ ਖੜਗੇ ਨੂੰ ਦਿੱਤਾ ਗਿਆ।