Rjd tejaswi yadav attacks : ਬੀਤੇ ਦਿਨ ਨਿਤੀਸ਼ ਕੁਮਾਰ ਸਰਕਾਰ ਵੱਲੋਂ ਇੱਕ ਬਿੱਲ ਪੇਸ਼ ਕੀਤੇ ਜਾਣ ਤੋਂ ਬਾਅਦ ਮੰਗਲਵਾਰ ਨੂੰ ਸਦਨ ਵਿੱਚ ਇੱਕ ਅਵਿਸ਼ਵਾਸੀ ਸਥਿਤੀ ਵੇਖਣ ਨੂੰ ਮਿਲੀ, ਜਿਸ ਵਿੱਚ ਕਥਿਤ ਤੌਰ ’ਤੇ ਪੁਲਿਸ ਫੋਰਸ ਨੂੰ ਬਿਨਾਂ ਵਾਰੰਟ ਤੋਂ ਗ੍ਰਿਫ਼ਤਾਰ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ। ਇਸ ਦੌਰਾਨ ਸਪੀਕਰ ਦੇ ਚੈਂਬਰ ਦਾ ਘਿਰਾਓ ਕਰਨ ਵਾਲੇ ਵਿਰੋਧੀ ਵਿਧਾਇਕਾਂ ਨੂੰ ਹਟਾਉਣ ਲਈ ਪੁਲਿਸ ਨੂੰ ਸਦਨ ਵਿੱਚ ਬੁਲਾਇਆ ਗਿਆ ਸੀ। ਕਿਉਂਕ ਵਿਰੋਧੀ ਰਾਸ਼ਟਰੀ ਜਨਤਾ ਦਲ (ਆਰਜੇਡੀ), ਕਾਂਗਰਸ ਅਤੇ ਖੱਬੇ ਗੱਠਜੋੜ ਦੇ ਮਹਾਂਗਠਜੋੜ ਦੇ ਮੈਂਬਰ ਬਿਹਾਰ ਸਪੈਸ਼ਲ ਆਰਮਡ ਪੁਲਿਸ ਬਿੱਲ, 2021 ਦਾ ਵਿਰੋਧ ਕਰ ਰਹੇ ਸੀ। ਜਿਸ ਨੂੰ ਲੈ ਕੇ ਅਸੈਂਬਲੀ ਵਿੱਚ ਹੰਗਾਮਾ ਹੋ ਰਿਹਾ ਸੀ, ਅਤੇ ਸਦਨ ਦੀ ਕਾਰਵਾਈ ਦਿਨ ਵਿੱਚ ਪੰਜ ਵਾਰ ਮੁਲਤਵੀ ਕਰਨੀ ਪਈ। ਰਾਜਦ ਨੇਤਾ ਅਤੇ ਸਾਬਕਾ ਉਪ ਮੁੱਖ ਮੰਤਰੀ ਤੇਜਸ਼ਵੀ ਯਾਦਵ ਨੇ ਇਸ ਹੰਗਾਮੇ ਲਈ ਨਿਤੀਸ਼ ਕੁਮਾਰ ‘ਤੇ ਨਿਸ਼ਾਨਾ ਸਾਧਿਆ ਹੈ।
ਉਨ੍ਹਾਂ ਨੇ ਇੱਕ ਵਿਧਾਇਕ ਦੀਆਂ ਤਸਵੀਰਾਂ ਟਵੀਟ ਕਰਦਿਆਂ ਲਿਖਿਆ, “ਰਾਖ਼ਸੀ ਸੁਭਾਅ ਵਾਲੀ ਸਰਕਾਰ ਦੇ ਜਾਲਮ ਪ੍ਰਧਾਨ ਨਿਤਿਸ਼ ਕੁਮਾਰ ਨੇ ਸਦਨ ਦੇ ਅੰਦਰ ਸਾਡੇ ਨਿਹੱਥੇ ਵਿਧਾਇਕਾਂ ਦੀ ਕੁੱਟਮਾਰ ਕਰਵਾਈ। ਮੇਰੇ ਇਨਕਲਾਬੀ ਸਾਥੀ ਵਿਧਾਇਕ ਸਤੀਸ਼ ਦਾਸ, ਜੋ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਹਨ, ਨਿਤੀਸ਼ ਕੁਮਾਰ ਦੀ ਗੁੰਡਾਗਰਦੀ ਦਾ ਸ਼ਿਕਾਰ ਹੋ ਗਏ। ਉਨ੍ਹਾਂ ਦੇ ਸਿਰ ਵਿੱਚ ਸੱਟ ਮਾਰੀ ਗਈ ਹੈ। ਤਸਵੀਰ ਪ੍ਰਮਾਣ ਹੈ।” ਪੁਲਿਸ ਤੇਜਸ਼ਵੀ ਅਤੇ ਰਾਜਦ ਦੇ ਹੋਰ ਨੇਤਾਵਾਂ ਨੂੰ ਡਾਕ ਬੰਗਲਾ ਚੌਰਾਹੇ ‘ਤੇ ਅਣਅਧਿਕਾਰਤ ਜਲੂਸ ਅਤੇ ਪੱਥਰਬਾਜ਼ੀ ਕਰਨ ‘ਚ ਸ਼ਾਮਿਲ ਹੋਣ ਲਈ ਕੋਤਵਾਲੀ ਥਾਣੇ ਲੈ ਗਈ ਸੀ। ਉੱਥੋਂ ਆਪਣੀ ਰਿਹਾਈ ਤੋਂ ਬਾਅਦ, ਤੇਜਸ਼ਵੀ ਦੁਬਾਰਾ ਤਿੰਨ ਵਜੇ ਸਦਨ ਦੀ ਕਾਰਵਾਈ ਦੁਬਾਰਾ ਸ਼ੁਰੂ ਹੋਣ ‘ਤੇ ਵਿਧਾਨ ਸਭਾ ਵਿੱਚ ਵਾਪਿਸ ਆ ਗਏ ਸੀ। ਇਸ ਤੋਂ ਪਹਿਲਾਂ ਸਦਨ ਦੀ ਕਾਰਵਾਈ ਤਿੰਨ ਵਾਰ ਮੁਲਤਵੀ ਕੀਤੀ ਗਈ ਸੀ।