saudi srabia aramco suspends deal china low oil demand : ਸਾਊਦੀ ਅਰਬ ਨੇ ਚੀਨ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ।ਸਾਊਦੀ ਅਰਬ ਦੀ ਸਰਕਾਰੀ ਤੇਲ ਕੰਪਨੀ ਨੇ ਚੀਨ ਨਾਲ 10 ਅਰਬ ਡਾਲਰ ਦੀ ਰਿਫਾਈਨਿੰਗ ਅਤੇ ਪੈਟ੍ਰੋਕੈਮੀਕਲਸ ਬਣਾਉਣ ਨੂੰ ਲੈ ਕੇ ਹੋਏ ਸਮਝੌਤੇ ਤੋਂ ਪਿੱਛੇ ਹੱਟ ਗਿਆ।ਸਾਊਦੀ ਕੰਪਨੀ ਨੇ ਤੇਲ ਦੀਆਂ ਡਿੱਗਦੀਆਂ ਕੀਮਤਾਂ ਕਾਰਨ ਚੀਨ ਨਾਲ ਹੋਏ ਸਮਝੌਤੇ ਨੂੰ ਟਾਲਣ ਦਾ ਫੈਸਲਾ ਲਿਆ ਹੈ।ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਦੇ ਚਲਦਿਆਂ ਪੂਰੀ ਦੁਨੀਆ ‘ਚ ਤੇਲ ਦੀ ਖਪਤ ਘੱਟ ਹੋਈ ਹੈ।
ਮੰਗ ਘੱਟ ਹੋਣ ਨਾਲ ਤੇਲ ਦੀਆਂ ਕੀਮਤਾਂ ‘ਚ ਭਾਰੀ ਗਿਰਾਵਟ ਦੇਖੀ ਜਾ ਰਹੀ ਹੈ।ਸਾਊਦੀ ਲਈ ਇਹ ਸਥਿਤੀ ਇਸ ਲਈ ਚੁਣੌਤੀਪੂਰਨ ਹੈ ਕਿ ਕਿਉਂਕਿ ਉਸਦੀ ਅਰਥਵਿਵਸਥਾ ਮੁੱਖ ਤੌਰ ‘ਤੇ ਤੇਲ ‘ਤੇ ਹੀ ਨਿਰਭਰ ਹੈ।ਦੁਨੀਆ ਦੀ ਸਭ ਤੋਂ ਵੱਡੀ ਤੇਲ ਉਤਪਾਦਨ ਕੰਪਨੀ ਅਰਾਮਕੋ ਨੇ ਮਹਾਂਰਾਸ਼ਟਰ ‘ਚ 44 ਬਿਲੀਅਨ ਡਾਲਰ ਦੇ ਰਤਨਾਗਿਰੀ ਮੇਗਾ ਰਿਫਾਇਨਰੀ ਪ੍ਰਾਜੈਕਟ ‘ਚ ਨਿਵੇਸ਼ ਦਾ ਐਲਾਨ ਕੀਤਾ ਸੀ, ਮੰਨਣਯੋਗ ਹੈ ਕਿ ਜੇਕਰ ਕੋਰੋਨਾ ਮਹਾਂਮਾਰੀ ਕਾਰਨ ਕੀਮਤਾਂ ਇੰਝ ਹੀ ਡਿੱਗਦੀਆਂ ਰਹੀਆਂ ਤਾਂ ਸਾਊਦੀ ਭਾਰਤ ‘ਚ ਵੀ ਨਿਵੇਸ਼ ਕਰਨ ਤੋਂ ਪਿੱਛੇ ਹੱਟ ਸਕਦਾ ਹੈ।ਦੱਸਣਯੋਗ ਹੈ ਕਿ ਸਾਊਦੀ ਅਰਬ ਦੀ ਅਰਾਮਕੋ ਨੇ ਚੀਨ ਦੇ ਉੱਤਰ-ਪੂਰਬੀ ਸੂਬੇ ‘ਚ ਕੰਪਲੈਕਸ ‘ਚ ਕੀਤੇ ਜਾਣ ਵਾਲੇ ਨਿਵੇਸ਼ ਨੂੰ ਰੋਕਣ ਦਾ ਫੈਸਲਾ ਲਿਆ ਹੈ।ਸੂਤਰਾਂ ਮੁਤਾਬਕ ਬਾਜ਼ਾਰ ‘ਚ ਛਾਈ ਅਨਿਸ਼ਚਿਤਤਾ ਦੇ ਚਲਦਿਆਂ ਇਹ ਕਦਮ ਚੁੱਕਿਆ ਗਿਆ ਹੈ।
ਸਾਊਦੀ ਕੰਪਨੀ ਅਰਾਮਕੋ ਵਲੋਂ ਅਜੇ ਤਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ।ਡੀਲ ‘ਚ ਸ਼ਾਮਲ ਚਾਈਨਾ ਨਾਰਥ ਇੰਡਸਟਰੀ ਗਰੁੱਪ ਕਾਰਪੋਰੇਸ਼ਨ ਜਾਂ ਨਾਰੋਰਿਕੋ ਨੇ ਵੀ ਇਸ ‘ਤੇ ਅਜੇ ਤਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।ਅਰਾਮਕੋ ਕੰਪਨੀ ਵਧਦੇ ਕਰਜ਼ ਅਤੇ ਕੱਚੇ ਤੇਲ ਦੀਆਂ ਕੀਮਤਾਂ ਡਿੱਗਣ ਦੇ ਮੱਦੇਨਜ਼ਰ ਬਚੀ ਹੋਈ ਪੂੰਜੀ ਨੂੰ ਖਰਚ ਕਰਨ ਤੋਂ ਡਰ ਰਹੀ ਹੈ।ਅਰਾਮਕੋ ਤੋਂ ਸਾਊਦੀ ਨੂੰ ਕਾਫੀ ਰਾਜਸਵ ਹਾਸਲ ਹੁੰਦਾ ਹੈ।ਪਰ ਤੇਲ ਦੀਆਂ ਕੀਮਤਾਂ ਡਿੱਗਣ ਨਾਲ ਸਰਕਾਰੀ ਖਜ਼ਾਨੇ ‘ਚ ਵੀ ਕਮੀ ਆਈ ਹੈ।ਪਿਛਲੇ ਸਾਲ ਫਰਵਰੀ ‘ਚ ਸਾਊਦੀ ਕ੍ਰਾਊਨ ਪ੍ਰਿੰਸ ਮੋਹੰਮਦ ਬਿਨ ਸਲਮਾਨ ਚੀਨ ਦੇ ਦੌਰੇ ‘ਤੇ ਗਏ ਸੀ ਤਾਂ ਇਸ ਸਮਝੌਤੇ ‘ਤੇ ਦੋਵਾਂ ਦੇਸ਼ਾਂ ਨੇ ਦਸਤਖਤ ਕੀਤੇ ਸੀ, ਸਾਊਦੀ ਅਰਬ ਏਸ਼ੀਆ ਦੇ ਬਾਜ਼ਾਰ ‘ਚ ਆਪਣੀ ਪਹੁੰਚ ਵਧਾਉਣਾ ਚਾਹੁੰਦਾ ਸੀ।ਇਸ ਤੋਂ ਇਲਾਵਾ ਸਾਊਦੀ ਨੇ ਆਪਣੇ ਚੀਨੀ ਨਿਵੇਸ਼ ਨੂੰ ਵੀ ਬੜਾਵਾ ਦਿੱਤਾ ਹੈ।ਸਾਊਦੀ ਅਤੇ ਚੀਨ ਦਰਮਿਆਨ ਹੋਇਆ ਇਹ ਸਮਝੌਤਾ ਕਾਫੀ ਚਰਚਾ ਦਾ ਵਿਸ਼ਾ ਰਹਿ ਚੁੱਕਾ ਹੈ।ਦੁਨੀਆ ਭਰ ‘ਚ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਰਿਫਾੲਨਰਿਆਂ ਲਈ ਚੁਣੌਤੀਆਂ ਪੈਦਾ ਹੋਈਆਂ ਹਨ।ਤੇਲ ਦੀਆਂ ਮੰਗਾਂ ਘੱਟਣ ਕਾਰਨ ਲਾਭ ਘੱਟ ਹੋ ਗਿਆ ਹੈ ਜਿਸ ‘ਚ ਰਿਫਾਈਨਿੰਗ ਦੇ ਕਾਰੋਬਾਰ ‘ਚ ਨਿਵੇਸ਼ ਵੀ ਪ੍ਰਭਾਵਿਤ ਹੋ ਰਿਹਾ ਹੈ।