security forces many terrorists killed: ਜੰਮੂ ਕਸ਼ਮੀਰ ਵਿੱਚ ਹਿਜ਼ਬੁਲ ਮੁਜਾਹਿਦੀਨ, ਲਸ਼ਕਰ-ਏ-ਤੋਇਬਾ ਸਣੇ ਕਈ ਵੱਡੇ ਅੱਤਵਾਦੀ ਸੰਗਠਨਾਂ ਦਾ ਸੁਰੱਖਿਆ ਬਲਾਂ ਨੇ ਪਿੱਛਲੇ ਦਿਨਾਂ ਵਿੱਚ ਲੱਕ ਤੋੜ ਦਿੱਤਾ ਹੈ। ਅੱਤਵਾਦੀ ਸੰਗਠਨਾਂ ਦੇ ਕਈ ਚੋਟੀ ਦੇ ਕਮਾਂਡਰ ਸੁਰੱਖਿਆ ਬਲਾਂ ਨੇ ਮਾਰ ਦਿੱਤੇ ਹਨ। ਸੁਰੱਖਿਆ ਬਲਾਂ ਨੇ ਈਦ ਤੋਂ ਬਾਅਦ ਅੱਤਵਾਦੀਆਂ ਦਾ ਤੇਜ਼ੀ ਨਾਲ ਸਫਾਇਆ ਕਰ ਦਿੱਤਾ ਹੈ। ਜੰਮੂ ਕਸ਼ਮੀਰ ਵਿੱਚ ਪਿੱਛਲੇ 15 ਦਿਨਾਂ ‘ਚ ਸੁਰੱਖਿਆ ਬਲਾਂ ਦੁਆਰਾ ਵੱਖ-ਵੱਖ ਮੁਕਾਬਲਿਆਂ ਵਿੱਚ 26 ਅੱਤਵਾਦੀ ਮਾਰੇ ਗਏ ਹਨ। ਇਨ੍ਹਾਂ ਵਿੱਚ ਅੱਠ ਚੋਟੀ ਦੇ ਕਮਾਂਡਰ ਸ਼ਾਮਿਲ ਹਨ। ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਨੂੰ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਵਿੱਚ ਸੁਰੱਖਿਆ ਬਲਾਂ ਨੇ ਚਾਰ ਅੱਤਵਾਦੀ ਮਾਰੇ ਸਨ। ਇਸ ਤੋਂ ਪਹਿਲਾਂ ਐਤਵਾਰ ਨੂੰ ਸੁਰੱਖਿਆ ਬਲਾਂ ਨੇ ਹਿਜ਼ਬੁਲ ਕਮਾਂਡਰ ਸਮੇਤ ਪੰਜ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਐਤਵਾਰ ਤੋਂ ਸੋਮਵਾਰ ਤਕਰੀਬਨ 26 ਘੰਟਿਆਂ ਵਿੱਚ ਸੁਰੱਖਿਆ ਬਲਾਂ ਨੇ ਨੌਂ ਅੱਤਵਾਦੀਆਂ ਦਾ ਸਫਾਇਆ ਕਰ ਦਿੱਤਾ ਸੀ।
ਐਤਵਾਰ ਨੂੰ ਅੱਤਵਾਦੀਆਂ ਖਿਲਾਫ ਇਸ ਸਾਲ ਦਾ ਸਭ ਤੋਂ ਵੱਡਾ ਅਭਿਆਨ ਚਲਾਇਆ ਗਿਆ ਸੀ, ਜਿਸ ਵਿੱਚ ਪੰਜ ਅੱਤਵਾਦੀ ਮਾਰੇ ਗਏ ਸਨ। ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਦੇ ਸੁਗੂ ਖੇਤਰ ਵਿੱਚ ਅੱਜ ਸੁਰੱਖਿਆ ਬਲਾਂ ਨੇ ਚਾਰ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਅੱਤਵਾਦੀਆਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। 7/8 ਜੂਨ ਨੂੰ ਸ਼ੋਪੀਆਂ ਵਿੱਚ ਹਿਜ਼ਬੁਲ ਕਮਾਂਡਰ ਉਮਰ, ਲਸ਼ਕਰ ਦਾ ਰਾਇਸ ਅਹਿਮਦ ਖ਼ਾਨ, ਹਿਜ਼ਬੁਲ ਦਾ ਸਕਲਾਇਨ ਅਮੀਨ ਅਤੇ ਵਕੀਲ ਅਹਿਮਦ ਨਾਇਕੂ, ਓਵੈਸ ਮਲਿਕ ਨਾਮੀ ਅੱਤਵਾਦੀ ਮਾਰੇ ਗਏ ਸਨ। 7 ਜੂਨ ਨੂੰ ਸ਼ੋਪੀਆਂ ਵਿੱਚ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਹਿਜ਼ਬੁਲ ਦੇ ਇਸ਼ਫਾਕ ਅਹਿਮਦ, ਆਦਿਲ ਅਹਿਮਦ ਮੀਰ, ਬਿਲਾਲ ਅਹਿਮਦ ਭੱਟ ਅਤੇ ਸੱਜਾਦ ਅਹਿਮਦ ਵਜੋਂ ਹੋਈ ਹੈ। 3 ਜੂਨ ਨੂੰ, ਪੁਲਵਾਮਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਜੈਸ਼ ਦੇ ਕਮਾਂਡਰ ਫੌਜੀ ਭਾਈ, ਹਿਜ਼ਬੁਲ ਦੇ ਮਨਜੂਰ ਅਹਿਮਦ, ਜੇਈਐਮ ਦੇ ਕਮਾਂਡਰ ਜਾਵੇਦ ਅਹਿਮਦ ਨੂੰ ਮਾਰਨ ਵਿੱਚ ਸਫਲਤਾ ਹਾਸਿਲ ਕੀਤੀ। 2 ਜੂਨ ਨੂੰ ਸੁਰੱਖਿਆ ਬਲਾਂ ਨੇ ਅਵੰਤੀਪੋਰਾ ਦੇ ਤ੍ਰਾਲ ਵਿਖੇ ਜੈਸ਼-ਏ-ਮੁਹੰਮਦ ਦੇ ਸਮੂਹ ਕਮਾਂਡਰ ਅਕੀਬ ਰਮਜ਼ਾਨ ਨੂੰ ਮਾਰ ਦਿੱਤਾ ਸੀ। ਇਸੇ ਮੁਠਭੇੜ ਵਿੱਚ ਅਵੰਤੀਪੋਰਾ ਦਾ ਜੇਈਐਮ ਕਮਾਂਡਰ ਮੁਹੰਮਦ ਮਕਬੂਲ ਵੀ ਮਾਰਿਆ ਗਿਆ ਸੀ।
30 ਮਈ ਨੂੰ ਕੁਲਗਾਮ ਦੇ ਵੈਨਪੋਰਾ ਖੇਤਰ ਵਿੱਚ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਪਰਵੇਜ਼ ਅਹਿਮਦ ਅਤੇ ਜੈਸ਼-ਏ-ਮੁਹੰਮਦ ਦੇ ਕਮਾਂਡਰ ਸ਼ਕੀਰ ਅਹਿਮਦ ਮਾਰੇ ਗਏ ਸਨ। ਮਹੱਤਵਪੂਰਣ ਗੱਲ ਇਹ ਹੈ ਕਿ ਕੁਲਗਾਮ ਵਿੱਚ 25 ਮਈ ਨੂੰ ਹੋਏ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ ਕਮਾਂਡਰ ਆਦਿਲ ਅਹਿਮਦ ਵਾਨੀ ਅਤੇ ਲਸ਼ਕਰ-ਏ-ਤੋਇਬਾ ਦੇ ਸ਼ਾਹੀਨ ਅਹਿਮਦ ਤਪ ਨੂੰ ਮਾਰ ਦਿੱਤਾ ਸੀ। ਦੱਸ ਦੇਈਏ ਕਿ ਪਿੱਛਲੇ ਦਿਨੀਂ ਸ਼ੋਪੀਆਂ ਮੁਕਾਬਲੇ ਵਿੱਚ ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਕਿਹਾ ਸੀ ਕਿ ਹਾਲ ਹੀ ਦੀਆਂ ਕਾਰਵਾਈਆਂ ਵਿੱਚ ਹਿਜ਼ਬੁਲ ਮੁਜਾਹਿਦੀਨ ਦੇ 9 ਅੱਤਵਾਦੀ ਮਾਰੇ ਗਏ ਹਨ। ਪਿੱਛਲੇ ਦੋ ਹਫ਼ਤਿਆਂ ਵਿੱਚ 9 ਵੱਡੇ ਆਪ੍ਰੇਸ਼ਨ ਕੀਤੇ ਗਏ ਸਨ, ਜਿਨ੍ਹਾਂ ਵਿੱਚ 22 ਅੱਤਵਾਦੀ ਖਤਮ ਕੀਤੇ ਗਏ ਹਨ। ਇਨ੍ਹਾਂ ਵਿੱਚ ਅੱਤਵਾਦੀ ਸੰਗਠਨਾਂ ਦੇ ਛੇ ਚੋਟੀ ਦੇ ਕਮਾਂਡਰ ਸ਼ਾਮਿਲ ਹਨ।