ਤ੍ਰਿਣਮੂਲ ਕਾਂਗਰਸ ਦੇ ਟਿਕਟ ‘ਤੇ ਆਸਨਸੋਲ ਲੋਕ ਸਭਾ ਹਲਕੇ ਤੋਂ ਵੱਡੀ ਜਿੱਤ ਦਰਜ ਕਰਨ ਵਾਲੇ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਪਾਰਟੀ ਦੀ ‘ਸਟ੍ਰੀਟ ਫਾਈਟਰ’ ਮਮਤਾ ਬੈਨਰਜੀ 2024 ਦੀਆਂ ਲੋਕ ਸਭਾ ਚੋਣਾਂ ਵਿੱਚ ‘ਪਾਸਾ ਪਲਟਣ’ ਵਾਲੀ ਸਾਬਿਤ ਹੋਵੇਗੀ । ਸ਼ਤਰੂਘਨ ਸਿਨਹਾ ਨੇ ਆਪਣੀ ਜਿੱਤ ਦਾ ਸਿਹਰਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬੈਨਰਜੀ ਨੂੰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਇੰਨੇ ਵੱਡੇ ਫਰਕ ਨਾਲ ਜਿੱਤ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਕਾਰਨ ਹੋਈ ਹੈ। ਸਿਨਹਾ ਨੇ ਕਿਹਾ ਕਿ ਉਹ ਤ੍ਰਿਣਮੂਲ ਕਾਂਗਰਸ ਦੇ ਨਾਲ ਇੱਕ ਨਵੀਂ ਤੇ ਸਭ ਤੋਂ ਵਧੀਆ ਪਾਰੀ ਸ਼ੁਰੂ ਕਰਨ ਨੂੰ ਲੈ ਕੇ ਉਤਸ਼ਾਹਿਤ ਹਨ।
ਸ਼ਤਰੂਘਨ ਨੇ ਕਿਹਾ ਉਨ੍ਹਾਂ ਨੂੰ ਹੁਣ ‘ਸਹੀ ਰਾਹ’ ਮਿਲ ਗਿਆ ਹੈ । ਸ਼ਤਰੂਘਨ ਨੇ ਕਿਹਾ ਕਿ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਤੋਂ ਬਾਅਦ ਬੈਨਰਜੀ ਪੂਰੇ ਭਾਰਤ ਵਿੱਚ ਹਰਮਨ ਪਿਆਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਆਸਨਸੋਲ ਦੀ ਜਿੱਤ ਬੈਨਰਜੀ ਦੀ ਯੋਗ ਅਗਵਾਈ, ਟੀਐਮਸੀ ਆਗੂਆਂ ਤੇ ਵਰਕਰਾਂ ਦੀ ਮਿਹਨਤ ਕਾਰਨ ਹੀ ਸੰਭਵ ਹੋ ਸਕੀ ਹੈ। ਇਸ ਨੂੰ ਬੈਨਰਜੀ ਦੇ ‘ਖੇਲਾ ਹੋਬੇ’ ਨਾਅਰੇ ਦੇ ਵਿਸਤਾਰ ਵਜੋਂ ਵੀ ਲਿਆ ਜਾ ਸਕਦਾ ਹੈ। 2024 ਦੀਆਂ ਲੋਕ ਸਭਾ ਚੋਣਾਂ ਵਿਚ ਸਿਨਹਾ ਵੱਲੋਂ ਟੀਐਮਸੀ ਲਈ ਅਹਿਮ ਭੂਮਿਕਾ ਨਿਭਾਏ ਜਾਣ ਦੀ ਸੰਭਾਵਨਾ ਹੈ।
ਇਸ ਤੋਂ ਅੱਗੇ ਭਾਜਪਾ ‘ਤੇ ਇਲਜ਼ਾਮ ਲਗਾਉਂਦੇ ਹੋਏ ਸਿਨਹਾ ਨੇ ਕਿਹਾ ਕਿ ਭਗਵਾ ਬ੍ਰਿਗੇਡ ‘ਪੈਸੇ ਦੀ ਤਾਕਤ’ ਦੀ ਵਰਤੋਂ ਕਰ ਰਹੀ ਹੈ ਅਤੇ ਕੇਂਦਰ ਵਿੱਚ ਸਰਕਾਰ ਹੋਣ ਕਾਰਨ ਸੱਤਾ ਦੀ ਦੁਰਵਰਤੋਂ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਮੇਰੀ ਭੂਮਿਕਾ ਦੇਸ਼ ਭਰ ਵਿੱਚ ਉਨ੍ਹਾਂ ਦੇ ਸੰਦੇਸ਼ ਨੂੰ ਪਹੁੰਚਾਉਣ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਪਾਰਟੀਆਂ ਵਿੱਚ ਹੋਣ ਦੇ ਬਾਵਜੂਦ ਉਨ੍ਹਾਂ ਨੇ ਹਮੇਸ਼ਾ ਟੀਐਮਸੀ ਮੁਖੀ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਹਨ । ਭਾਜਪਾ ਦੇ ਸੰਸਦ ਹੋਣ ਦੇ ਬਾਵਜੂਦ 2019 ਵਿੱਚ ਕੋਲਕਾਤਾ ਦੇ ਬ੍ਰਿਗੇਡ ਮੈਦਾਨ ਵਿੱਚ ਵਿਰੋਧੀ ਧਿਰ ਦੇ ਸੰਮੇਲਨ ਵਿੱਚ ਸ਼ਾਮਿਲ ਹੋਏ ਸਿਨਹਾ ਨੇ ਕਿਹਾ ਕਿ ਮਮਤਾ ਬੈਨਰਜੀ ਨੇ ਸਭ ਤੋਂ ਪਹਿਲਾਂ ਨੋਟਬੰਦੀ ਅਤੇ ਜੀਐਸਟੀ ਵਿਰੁੱਧ ਆਵਾਜ਼ ਚੁੱਕੀ ਸੀ, ਮੈਂ ਵੀ ਭਾਜਪਾ ਵਿੱਚ ਹੁੰਦਿਆਂ ਉਨ੍ਹਾਂ ਦੇ ਵਿਰੁੱਧ ਗੱਲ ਕੀਤੀ ਸੀ। ਕਾਂਗਰਸ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਇਹ ਪਾਰਟੀ ਸੰਕਟ ਦੇ ਦੌਰ ਤੋਂ ਲੰਘ ਰਹੀ ਹੈ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”