Sitaram yechury says: ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਅੱਜ ਕਿਸਾਨਾਂ ਦਾ ਭਾਰਤ ਬੰਦ ਲਗਾਤਾਰ ਜਾਰੀ ਹੈ। ਦਿੱਲੀ ਤੋਂ ਬੰਗਾਲ ਅਤੇ ਯੂ ਪੀ ਤੋਂ ਕਰਨਾਟਕ ਤੱਕ, ਭਾਰਤ ਬੰਦ ਦਾ ਪ੍ਰਭਾਵ ਦਿਖਾਈ ਦੇ ਰਿਹਾ ਹੈ। ਕਈ ਰਾਜਨੀਤਿਕ ਪਾਰਟੀਆਂ ਵੀ ਇਸ ਬੰਦ ਦੇ ਸਮਰਥਨ ਵਿੱਚ ਹਨ ਅਤੇ ਸੜਕਾਂ ‘ਤੇ ਉੱਤਰੀਆਂ ਆਈਆਂ ਹਨ। ਖੇਤੀਬਾੜੀ ਕਾਨੂੰਨਾਂ ਖਿਲਾਫ ਵਿਰੋਧ ਪ੍ਰਦਰਸ਼ਨ ਦੇ ਵਿਚਕਾਰ ਵਿਰੋਧੀ ਪਾਰਟੀਆਂ ਦਾ ਇੱਕ ਵਫ਼ਦ ਬੁੱਧਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕਰੇਗਾ। ਸੀਪੀਆਈ (ਐਮ) ਦੇ ਨੇਤਾ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਸਾਂਝਾ ਵਫ਼ਦ ਭਲਕੇ ਸ਼ਾਮ 5 ਵਜੇ ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ ਕਰੇਗਾ। ਉਨ੍ਹਾਂ ਕਿਹਾ, “ਵਫ਼ਦ ਵਿੱਚ ਰਾਹੁਲ ਗਾਂਧੀ, ਸ਼ਰਦ ਪਵਾਰ ਅਤੇ ਹੋਰ ਕਈ ਨੇਤਾ ਸ਼ਾਮਿਲ ਹੋਣਗੇ। ਕੋਵਿਡ 19 ਪ੍ਰੋਟੋਕੋਲ ਦੇ ਕਾਰਨ, ਸਿਰਫ 5 ਲੋਕਾਂ ਨੂੰ ਮਿਲਣ ਦੀ ਆਗਿਆ ਮਿਲੀ ਹੈ।”
ਇਸ ਦੇ ਨਾਲ ਹੀ ਐਨਸੀਪੀ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਵਿਵਾਦਪੂਰਨ ਖੇਤੀ ਕਾਨੂੰਨਾਂ ਬਾਰੇ ਵਿਚਾਰ ਵਟਾਂਦਰੇ ਕਰਨਗੇ। ਬੀਜੇਪੀ ਨੇ ਸੋਮਵਾਰ ਨੂੰ ਕਿਹਾ ਸੀ ਕਿ ਪਵਾਰ ਨੇ ਕੇਂਦਰ ਦੀ ਯੂਪੀਏ ਸਰਕਾਰ ਵਿੱਚ ਖੇਤੀਬਾੜੀ ਮੰਤਰੀ ਵਜੋਂ ਰਾਜਾਂ ਨੂੰ ਏਪੀਐਮਸੀ ਐਕਟ ਵਿੱਚ ਸੋਧ ਕਰਨ ਲਈ ਕਿਹਾ ਸੀ ਅਤੇ ਚੇਤਾਵਨੀ ਦਿੱਤੀ ਸੀ ਕਿ ਜੇ ਤਿੰਨ ਸੁਧਾਰ ਨਾ ਕੀਤੇ ਗਏ ਤਾਂ ਕੇਂਦਰ ਵਿੱਤੀ ਸਹਾਇਤਾ ਨਹੀਂ ਦੇਵੇਗਾ। ਐਨਸੀਪੀ ਨੇ ਕਿਹਾ ਸੀ ਕਿ ਪਵਾਰ ਨੇ ਕੇਂਦਰੀ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਰਾਜਾਂ ਦੇ ਖੇਤੀਬਾੜੀ ਮਾਰਕੀਟਿੰਗ ਬੋਰਡਾਂ ਨਾਲ ਵਿਆਪਕ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਕਾਨੂੰਨ ਲਾਗੂ ਕਰਨ ਲਈ ਉਨ੍ਹਾਂ ਤੋਂ ਸੁਝਾਅ ਮੰਗੇ ਸੀ। ਦੱਸ ਦੇਈਏ ਕਿ ਕਿਸਾਨ ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਅੱਜ ਕਿਸਾਨਾਂ ਨੇ ਭਾਰਤ ਬੰਦ ਕਰ ਦਿੱਤਾ ਹੈ। ਇਸ ਬੰਦ ਦਾ ਸਮਰਥਨ ਕਾਂਗਰਸ, ਐਨਸੀਪੀ, ਸ਼ਿਵ ਸੈਨਾ, ਟੀਐਮਸੀ ਅਤੇ ਸਮਾਜਵਾਦੀ ਪਾਰਟੀ ਸਮੇਤ ਲੱਗਭਗ 15 ਪਾਰਟੀਆਂ ਨੇ ਕੀਤਾ ਹੈ।