ਮੰਗਲਵਾਰ ਨੂੰ ਕਾਂਗਰਸ ਸਥਾਪਨਾ ਦਿਵਸ ਦੇ ਮੌਕੇ ‘ਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਹਿੰਦੀ ‘ਚ ਇੱਕ ਸੰਦੇਸ਼ ਜਾਰੀ ਕੀਤਾ ਹੈ। ਇਸ ਵਿੱਚ ਉਨ੍ਹਾਂ ਕਿਹਾ ਹੈ, ਸਾਡੇ ਪਿਆਰੇ ਦੇਸ਼ ਵਾਸੀਓ ਅਤੇ ਕਾਂਗਰਸ ਦੇ ਬਹਾਦਰ ਮਿੱਤਰੋ! ਅੱਜ ਅਸੀਂ ਸਾਰੇ ਦੇਸ਼ ਭਰ ਵਿੱਚ ਆਪਣੀ 136 ਸਾਲ ਪੁਰਾਣੀ ਕਾਂਗਰਸ ਦਾ ਸਥਾਪਨਾ ਦਿਵਸ ਵੱਡੇ ਪੱਧਰ ‘ਤੇ ਮਨਾ ਰਹੇ ਹਾਂ।
ਕਾਂਗਰਸ ਸਿਰਫ਼ ਇੱਕ ਸਿਆਸੀ ਪਾਰਟੀ ਦਾ ਨਾਮ ਨਹੀਂ ਹੈ, ਸਗੋਂ ਇੱਕ ਅੰਦੋਲਨ ਦਾ ਨਾਮ ਕਾਂਗਰਸ ਪਾਰਟੀ ਹੈ। ਮੈਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਕਾਂਗਰਸ ਕਿਨ੍ਹਾਂ ਹਾਲਾਤਾਂ ਵਿੱਚ ਬਣੀ ਸੀ। ਉਨ੍ਹਾਂ ਕਿਹਾ ਕਿ ਭਾਰਤ ਦੀ ਆਜ਼ਾਦੀ ਦੇ ਅੰਦੋਲਨ ਵਿੱਚ ਕਾਂਗਰਸ ਅਤੇ ਇਸ ਦੇ ਸਾਰੇ ਆਗੂਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ, ਸੰਘਰਸ਼ ਕੀਤਾ, ਜੇਲ੍ਹਾਂ ਵਿੱਚ ਸਖ਼ਤ ਤਸੀਹੇ ਝੱਲੇ ਅਤੇ ਅਨੇਕਾਂ ਦੇਸ਼ ਭਗਤਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਫਿਰ ਕਿਤੇ ਜਾ ਕੇ ਸਾਨੂੰ ਆਜ਼ਾਦੀ ਮਿਲੀ। ਆਜ਼ਾਦੀ ਤੋਂ ਬਾਅਦ ਸਾਨੂੰ ਜੋ ਭਾਰਤ ਮਿਲਿਆ, ਉਸ ਦੀ ਕਲਪਨਾ ਕਰਨਾ ਮੁਸ਼ਕਿਲ ਹੈ, ਪਰ ਸਾਡੇ ਮਹਾਨ ਨੇਤਾਵਾਂ ਨੇ ਬਹੁਤ ਸਮਝਦਾਰੀ ਅਤੇ ਦ੍ਰਿੜ ਇਰਾਦੇ ਨਾਲ ਭਾਰਤ ਦੇ ਨਵੇਂ ਨਿਰਮਾਣ ਦੀ ਮਜ਼ਬੂਤ ਨੀਂਹ ਰੱਖੀ, ਜਿਸ ‘ਤੇ ਅਸੀਂ ਮਜ਼ਬੂਤ ਭਾਰਤ ਦਾ ਨਿਰਮਾਣ ਕੀਤਾ। ਇੱਕ ਅਜਿਹਾ ਭਾਰਤ ਜਿਸ ਵਿੱਚ ਸਾਰੇ ਦੇਸ਼ ਵਾਸੀਆਂ ਦੇ ਹੱਕਾਂ ਅਤੇ ਹਿੱਤਾਂ ਦਾ ਧਿਆਨ ਰੱਖਿਆ ਗਿਆ।
ਸੋਨੀਆ ਗਾਂਧੀ ਨੇ ਕਿਹਾ, ਜਿਨ੍ਹਾਂ ਨੇ ਆਜ਼ਾਦੀ ਅੰਦੋਲਨ ‘ਚ ਸ਼ਮੂਲੀਅਤ ਨਹੀਂ ਕੀਤੀ, ਉਹ ਇਸ ਦੀ ਕੀਮਤ ਨੂੰ ਕਦੇ ਨਹੀਂ ਸਮਝ ਸਕਦੇ। ਅੱਜ ਭਾਰਤ ਦੀ ਉਸ ਮਜ਼ਬੂਤ ਨੀਂਹ ਨੂੰ ਕਮਜ਼ੋਰ ਕਰਨ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ “ਇਤਿਹਾਸ ਨੂੰ ਝੂਠਾ ਬਣਾਇਆ ਜਾ ਰਿਹਾ ਹੈ।” ਸਾਡੀ ਵਿਰਾਸਤ ਗੰਗਾ-ਜਮੁਨਾ ਸੱਭਿਆਚਾਰ ਨੂੰ ਮਿਟਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦੇਸ਼ ਦਾ ਆਮ ਨਾਗਰਿਕ ਅਸੁਰੱਖਿਅਤ ਅਤੇ ਡਰਿਆ ਮਹਿਸੂਸ ਕਰ ਰਿਹਾ ਹੈ। ਲੋਕਤੰਤਰ ਅਤੇ ਸੰਵਿਧਾਨ ਨੂੰ ਦਰਕਿਨਾਰ ਕਰਕੇ ਤਾਨਾਸ਼ਾਹੀ ਚਲਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਮਹਾਰਾਸ਼ਟਰ ਦੀ ਸਿੱਖਿਆ ਮੰਤਰੀ ਵਰਸ਼ਾ ਏਕਨਾਥ ਗਾਇਕਵਾੜ ਨੂੰ ਹੋਇਆ ਕੋਰੋਨਾ, ਟਵੀਟ ਕਰ ਦਿੱਤੀ ਜਾਣਕਾਰੀ
ਕਾਂਗਰਸ ਪ੍ਰਧਾਨ ਨੇ ਸੰਦੇਸ਼ ‘ਚ ਕਿਹਾ, ਅਜਿਹੇ ਸਮੇਂ ‘ਚ ਕਾਂਗਰਸ ਚੁੱਪ ਨਹੀਂ ਰਹਿ ਸਕਦੀ। ਕਿਸੇ ਨੂੰ ਵੀ ਦੇਸ਼ ਦੀ ਵਿਰਾਸਤ ਨੂੰ ਢਾਹ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਆਮ ਲੋਕਾਂ ਦੇ ਭਲੇ ਲਈ, ਜਮਹੂਰੀਅਤ ਦੀ ਰਾਖੀ ਲਈ, ਦੇਸ਼ ਵਿਰੋਧੀ, ਸਮਾਜ ਵਿਰੋਧੀ ਸਾਜ਼ਿਸ਼ਾਂ ਦਾ ਡਟ ਕੇ ਮੁਕਾਬਲਾ ਕਰਨ ਲਈ ਹਰ ਸੰਭਵ ਯਤਨ ਕਰੇਗੀ, ਹਰ ਕੁਰਬਾਨੀ ਦੇਵੇਗੀ। ਅੱਜ ਦੇ ਇਸ ਇਤਿਹਾਸਕ ਮੌਕੇ ‘ਤੇ ਹਰੇਕ ਕਾਂਗਰਸੀ ਨੂੰ ਇਹ ਸੰਕਲਪ ਲੈ ਕੇ ਕਾਂਗਰਸ ਸੰਗਠਨ ਨੂੰ ਮਜ਼ਬੂਤ ਕਰਨਾ ਪਵੇਗਾ। ਇਹਨਾਂ ਸ਼ਬਦਾਂ ਦੇ ਨਾਲ, ਤੁਹਾਨੂੰ ਸਾਰਿਆਂ ਨੂੰ ਕਾਂਗਰਸ ਸਥਾਪਨਾ ਦਿਵਸ ਅਤੇ ਆਉਣ ਵਾਲੇ ਨਵੇਂ ਸਾਲ ਲਈ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ।
ਵੀਡੀਓ ਲਈ ਕਲਿੱਕ ਕਰੋ -: