Supreme Court Justice says: ਸੁਪਰੀਮ ਕੋਰਟ ਨੇ ਹਿਮਾਚਲ ਹਾਈ ਕੋਰਟ ਦੇ ਫ਼ੈਸਲਾ ਲਿਖਣ ਦੇ ਤਰੀਕੇ ‘ਤੇ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਇੱਕ ਮਾਮਲੇ ਦੀ ਸੁਣਵਾਈ ਕਰ ਰਹੀ ਬੈਂਚ ਵਿੱਚ ਸ਼ਾਮਿਲ ਜੱਜ ਨੇ ਕਿਹਾ ਕਿ ਹਾਈ ਕੋਰਟ ਦਾ ਇਹ ਫ਼ੈਸਲਾ ਪੜ੍ਹ ਕੇ ਸਾਨੂੰ ਟਾਈਗ਼ਰ ਬਾਮ ਲਗਾਉਣ ਦੀ ਨੌਬਤ ਆ ਗਈ । ਉਨ੍ਹਾਂ ਕਿਹਾ ਕਿ ਫ਼ੈਸਲਾ ਹਮੇਸ਼ਾ ਆਸਾਨ ਭਾਸ਼ਾ ਵਿੱਚ ਹੋਣਾ ਚਾਹੀਦਾ ਹੈ, ਉਸ ਵਿੱਚ ਲੇਖ ਨਹੀਂ ਹੋਣਾ ਚਾਹੀਦਾ। ਦਰਅਸਲ, ਸੁਪਰੀਮ ਕੋਰਟ ਦੇ ਜਸਟਿਸ ਡੀ.ਵਾਈ. ਚੰਦਰਚੂੜ ਅਤੇ ਜਸਟਿਸ ਐੱਮ.ਆਰ. ਸ਼ਾਹ ਦੀ ਬੈਂਚ ਵੱਲੋਂ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਦਾਇਰ ਵਿਸ਼ੇਸ਼ ਮਨਜ਼ੂਰੀ ਪਟੀਸ਼ਨ ‘ਤੇ ਸੁਣਵਾਈ ਕੀਤੀ ਗਈ । ਜਸਟਿਸ ਸ਼ਾਹ ਨੇ ਕਿਹਾ ਕਿ ਮੈਂ ਫ਼ੈਸਲੇ ਵਿੱਚ ਕੁਝ ਨਹੀਂ ਸਮਝ ਸਕਿਆ । ਉਸ ਵਿੱਚ ਵੱਡੀ-ਵੱਡੀ ਸ਼ਬਦਾਵਲੀ ਹੈ।
ਉਨ੍ਹਾਂ ਕਿਹਾ ਕਿ ਆਖ਼ਰੀ ਪੈਰਾਗ੍ਰਾਫ਼ ਪੜ੍ਹਨ ਤੋਂ ਬਾਅਦ ਮੈਨੂੰ ਟਾਈਗਰ ਬਾਮ ਲਗਾਉਣੀ ਪਈ । ਉੱਥੇ ਹੀ ਜਸਟਿਸ ਚੰਦਰਚੂੜ ਨੇ ਕਿਹਾ ਕਿ ਫ਼ੈਸਲਾ ਅਜਿਹਾ ਲਿਖਿਆ ਜਾਣਾ ਚਾਹੀਦਾ, ਜੋ ਆਮ ਆਦਮੀ ਨੂੰ ਸਮਝ ਆਵੇ । ਮੈਂ ਸਵੇਰੇ 10.10 ਵਜੇ ਫ਼ੈਸਲੇ ਨੂੰ ਪੜ੍ਹਨਾ ਸ਼ੁਰੂ ਕੀਤਾ ਅਤੇ 10.55 ਵਜੇ ਜਦੋਂ ਖ਼ਤਮ ਕੀਤਾ ਤਾਂ ਤੁਸੀਂ ਸਮਝ ਨਹੀਂ ਸਕਦੇ ਕਿ ਮੈਂ ਕੀ ਮਹਿਸੂਸ ਕੀਤਾ। ਉਨ੍ਹਾਂ ਕਿਹਾ ਕਿ ਮੇਰੀ ਹਾਲਤ ਕਲਪਨਾ ਤੋਂ ਪਰ੍ਹੇ ਸੀ ।
ਦੱਸ ਦੇਈਏ ਕਿ ਇਹ ਮਾਮਲਾ ਇੱਕ ਸਰਕਾਰੀ ਕਰਮਚਾਰੀ ਨਾਲ ਜੁੜਿਆ ਹੈ । ਕੇਂਦਰ ਸਰਕਾਰ ਉਦਯੋਗਿਕ ਟ੍ਰਿਬਿਊਨਲ (CGIT) ਨੇ ਕਰਮਚਾਰੀ ਨੂੰ ਭ੍ਰਿਸ਼ਟਾਚਾਰ ਦਾ ਦੋਸ਼ੀ ਮੰਨਦੇ ਹੋਏ ਸਜ਼ਾ ਦਿੱਤੀ ਸੀ। ਇਸ ਫ਼ੈਸਲੇ ਨੂੰ ਕਰਮਚਾਰੀ ਨੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਜਿਸ ਵਿੱਚ ਹਾਈ ਕੋਰਟ ਨੇ CGIT ਦੇ ਫ਼ੈਸਲੇ ਨੂੰ ਸਹੀ ਠਹਿਰਾਇਆ ਸੀ। ਜਿਸ ਤੋਂ ਬਾਅਦ ਕਰਮਚਾਰੀ ਵੱਲੋਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੀ।
ਇਹ ਵੀ ਦੇਖੋ: ਟਿਕਰੀ ਬਾਰਡਰ ‘ਤੇ ਤੇਜ਼ ਤੂਫ਼ਾਨ ਨੇ ਉਡਾਏ ਕਿਸਾਨਾਂ ਦੇ ਟੈਂਟ ਤੇ ਅਰਜ਼ੀ ਫਲੱਸ਼ਾਂ, ਭਾਰੀ ਨੁਕਸਾਨ