Supreme Court on Hathras case: ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਹੋਏ ਸਮੂਹਿਕ ਬਲਾਤਕਾਰ ਮਾਮਲੇ ਸਬੰਧੀ ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਇਆ । ਸੁਪਰੀਮ ਕੋਰਟ ਨੇ ਹੁਣ ਇਸ ਕੇਸ ਦੇ ਟ੍ਰਾਇਲ ਨੂੰ ਰਾਜ ਤੋਂ ਬਾਹਰ ਸ਼ਿਫਟ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸਦੇ ਨਾਲ ਹੀ ਇਹ ਵੀ ਕਿਹਾ ਹੈ ਕਿ ਜਦੋਂ ਮਾਮਲੇ ਦੀ ਜਾਂਚ ਪੂਰੀ ਹੋ ਜਾਵੇਗੀ ਤਾਂ ਉਸ ਤੋਂ ਬਾਅਦ ਟ੍ਰਾਇਲ ਨੂੰ ਬਾਹਰ ਟ੍ਰਾਂਸਫਰ ਕਰਨ ‘ਤੇ ਵਿਚਾਰ ਕੀਤਾ ਜਾ ਸਕਦਾ ਹੈ। ਨਾਲ ਹੀ ਇਲਾਹਾਬਾਦ ਹਾਈ ਕੋਰਟ ਵੀ ਹੁਣ ਇਸ ਮਾਮਲੇ ਦੀ ਨਿਗਰਾਨੀ ਕਰੇਗੀ।
ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਹੁਣ ਇਸ ਕੇਸ ਦੀ ਜਾਂਚ CBI ਕਰ ਰਹੀ ਹੈ, ਇਸ ਲਈ ਤੁਰੰਤ ਟ੍ਰਾਂਸਫਰ ਦੀ ਜ਼ਰੂਰਤ ਨਹੀਂ ਹੈ। ਹੋਰ ਸਾਰੀਆਂ ਚੀਜ਼ਾਂ ‘ਤੇ ਹਾਈ ਕੋਰਟ ਵੀ ਆਪਣੀ ਨਜ਼ਰ ਰੱਖ ਰਹੀ ਹੈ। ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਯੂਪੀ ਸਰਕਾਰ ਵੱਲੋਂ ਦਿੱਤੇ ਹਲਫੀਆ ਬਿਆਨ ਨੂੰ ਸਵੀਕਾਰ ਕਰ ਲਿਆ । ਜਿਸ ਵਿੱਚ ਰਾਜ ਸਰਕਾਰ ਨੇ ਦਾਅਵਾ ਕੀਤਾ ਕਿ ਪੀੜਤ ਦੇ ਪਰਿਵਾਰ, ਕੇਸ ਨਾਲ ਜੁੜੇ ਗਵਾਹਾਂ ਨੂੰ ਸਖਤ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ । ਨਾਲ ਹੀ ਇਸ ਮਾਮਲੇ ਨੂੰ ਸੀਬੀਆਈ ਕੋਲ ਟ੍ਰਾਂਸਫਰ ਕਰਨ ਦੀ ਮੰਗ ਵੀ ਕੀਤੀ ਗਈ ਸੀ।
ਹਾਲਾਂਕਿ, ਅਦਾਲਤ ਨੇ ਇਹ ਵੀ ਕਿਹਾ ਹੈ ਕਿ ਜਾਂਚ ਦੀ ਨਿਗਰਾਨੀ ਹਾਈ ਕੋਰਟ ਕਰ ਰਹੀ ਹੈ, ਅਜਿਹੀ ਸਥਿਤੀ ਵਿੱਚ ਸੁਪਰੀਮ ਕੋਰਟ ਤੋਂ ਨਿਗਰਾਨੀ ਦੀ ਕੋਈ ਲੋੜ ਨਹੀਂ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸ਼ੁਰੂਆਤੀ ਪੜਾਅ ਵਿੱਚ ਮੁਕੱਦਮਾ ਦਿੱਲੀ ਜਾਂ ਹੋਰ ਕਿਤੇ ਟ੍ਰਾਂਸਫਰ ਕਰਨ ਬਾਰੇ ਵਿਚਾਰ ਨਹੀਂ ਕੀਤਾ ਜਾ ਸਕਦਾ।
ਦੱਸ ਦੇਈਏ ਕਿ ਪਿਛਲੇ ਮਹੀਨੇ 14 ਸਤੰਬਰ ਨੂੰ ਯੂਪੀ ਦੇ ਹਾਥਰਸ ਵਿੱਚ ਇੱਕ ਦਲਿਤ ਲੜਕੀ ਨਾਲ ਸਮੂਹਿਕ ਬਲਾਤਕਾਰ ਹੋਇਆ ਸੀ, ਜਿਸ ਤੋਂ ਬਾਅਦ 29 ਸਤੰਬਰ ਨੂੰ ਪੀੜਤ ਲੜਕੀ ਦੀ ਮੌਤ ਹੋ ਗਈ ਸੀ। ਪੁਲਿਸ ਵੱਲੋਂ ਪੀੜਤ ਦੀ ਮ੍ਰਿਤਕ ਦੇਹ ਸਾੜਨ ‘ਤੇ ਬਹੁਤ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਇਹ ਮਾਮਲਾ ਹਾਈ ਕੋਰਟ ਅਤੇ ਫਿਰ ਸੁਪਰੀਮ ਕੋਰਟ ਪਹੁੰਚਿਆ । ਸੁਪਰੀਮ ਕੋਰਟ ਨੇ ਯੂਪੀ ਸਰਕਾਰ ਨੂੰ ਪੀੜਤ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਆਦੇਸ਼ ਦਿੱਤੇ ਸਨ । ਜਿਸ ਤੋਂ ਬਾਅਦ ਰਾਜ ਸਰਕਾਰ ਨੇ ਆਪਣਾ ਹਲਫਨਾਮਾ ਦਾਖਲ ਕੀਤਾ ਸੀ ।