ਪੰਜਾਬ ਦੇ ਫਿਰੋਜ਼ਪੁਰ ਵਿੱਚ ਰੈਲੀ ਵਿੱਚ ਸ਼ਾਮਿਲ ਹੋਣ ਲਈ ਜਾਂਦੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਦਾ ਮੁੱਦਾ ਲਗਾਤਰ ਭੱਖਦਾ ਜਾ ਰਿਹਾ ਹੈ ਜਿੱਥੇ ਕੇਂਦਰ ਅਤੇ ਪੰਜਾਬ ਸਰਕਾਰ ਇਸ ਮਾਮਲੇ ‘ਚ ਆਹਮੋ-ਸਾਹਮਣੇ ਹੁੰਦੀ ਨਜ਼ਰ ਆ ਰਹੀ ਹੈ, ਉੱਥੇ ਹੀ ਅੱਜ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਸੀਜੇਆਈ ਐਨਵੀ ਰਮਨਾ ਦੀ ਬੈਂਚ ਅੱਗੇ ਚੁੱਕਿਆ ਗਿਆ ਅਤੇ ਇਸ ਦੀ ਸਮੀਖਿਆ ਦੀ ਮੰਗ ਕੀਤੀ ਗਈ ਹੈ।
ਜਦੋਂ ਸੀਜੇਆਈ ਨੇ ਪੁੱਛਿਆ ਕਿ ਤੁਸੀਂ ਸਾਡੇ ਤੋਂ ਕੀ ਉਮੀਦ ਕਰ ਰਹੇ ਹੋ? ਉਦੋਂ ਪਟੀਸ਼ਨਰ ਸੀਨੀਅਰ ਐਡਵੋਕੇਟ ਮਨਿੰਦਰ ਸਿੰਘ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ। ਮਨਿੰਦਰ ਸਿੰਘ ਨੇ ਕਿਹਾ ਕਿ ਅੱਜ ਦੇ ਮੌਜੂਦਾ ਮਾਹੌਲ ਦੇ ਮੱਦੇਨਜ਼ਰ ਸੁਰੱਖਿਆ ਤਿਆਰੀਆਂ ਦੀ ਪੇਸ਼ੇਵਰ ਜਾਂਚ ਦੀ ਲੋੜ ਹੈ। ਤੁਹਾਡੀ ਨਿਗਰਾਨੀ ਹੇਠ ਉਚਿਤ ਹੋਵੇਗਾ ਕਿ ਬਠਿੰਡਾ ਦੇ ਜ਼ਿਲ੍ਹਾ ਜੱਜ ਇਸ ਸਾਰੇ ਮਾਮਲੇ ਦੀ ਖੁਦ ਜਾਂਚ ਕਰਨ। ਇਹ ਯਕੀਨੀ ਬਣਾਉਣਾ ਬੇਹੱਦ ਜ਼ਰੂਰੀ ਹੈ ਕਿ ਅੱਜ ਦੇ ਮਾਹੌਲ ਵਿੱਚ ਅਜਿਹਾ ਦੁਬਾਰਾ ਨਾ ਹੋਵੇ। ਜ਼ਿਲ੍ਹਾ ਜੱਜ ਨੂੰ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਉਸ ਤੋਂ ਬਾਅਦ ਤੁਸੀਂ ਫੈਸਲਾ ਕਰ ਸਕਦੇ ਹੋ ਕਿ ਕੀ ਕਦਮ ਚੁੱਕਣੇ ਹਨ। ਕਿਰਪਾ ਕਰਕੇ ਅੱਜ ਹੀ ਆਰਡਰ ਪਾਸ ਕਰਨ ਬਾਰੇ ਵਿਚਾਰ ਕਰੋ।
ਇਸ ‘ਤੇ ਸੀਜੇਆਈ ਨੇ ਕਿਹਾ ਕਿ ਤੁਸੀਂ ਰਾਜ ਸਰਕਾਰ ਨੂੰ ਪਟੀਸ਼ਨ ਦੀ ਕਾਪੀ ਮੁਹੱਈਆ ਕਰਵਾਓ। ਅਸੀਂ ਭਲਕੇ ਮਾਮਲੇ ਦੀ ਸੁਣਵਾਈ ਕਰਾਂਗੇ। ਦੱਸ ਦੇਈਏ ਕਿ ਦੋ ਸਾਲਾਂ ਬਾਅਦ ਪੰਜਾਬ ਦੇ ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਹੋਣੀ ਸੀ ਅਤੇ ਇੱਥੇ ਪ੍ਰਧਾਨ ਮੰਤਰੀ 42 ਹਜ਼ਾਰ ਕਰੋੜ ਤੋਂ ਵੱਧ ਦੀਆਂ ਯੋਜਨਾਵਾਂ ਦਾ ਐਲਾਨ ਕਰਨ ਵਾਲੇ ਸਨ। ਹਾਲਾਂਕਿ ਸੁਰੱਖਿਆ ਵਿੱਚ ਕਮੀਆਂ ਦਾ ਹਵਾਲਾ ਦਿੰਦੇ ਹੋਏ ਰੈਲੀ ਨੂੰ ਰੱਦ ਕਰਨਾ ਪਿਆ। ਗ੍ਰਹਿ ਮੰਤਰਾਲੇ ਵੱਲੋਂ ਕਿਹਾ ਗਿਆ ਕਿ ਪੀਐਮ ਮੋਦੀ ਦਾ ਕਾਫਲਾ ਹੁਸੈਨੀਵਾਲਾ ਵਿੱਚ ਸ਼ਹੀਦਾਂ ਦੇ ਸਮਾਰਕ ਤੋਂ ਕਰੀਬ 30 ਮਿੰਟ ਪਹਿਲਾਂ ਇੱਕ ਫਲਾਈਓਵਰ ਉੱਤੇ ਫਸ ਗਿਆ ਸੀ।
ਇਹ ਵੀ ਪੜ੍ਹੋ : ‘ਪੰਜਾਬ ‘ਚ PM ਮੋਦੀ ਦੀ ਸਕਿਓਰਿਟੀ ‘ਚ ਕੁਤਾਹੀ ਸ਼ਰਮਨਾਕ, ਇਹ ਸਾਡੇ ਲੋਕਤੰਤਰ ‘ਤੇ ਹਮਲਾ’- ਕੰਗਣਾ ਰਣੌਤ
ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਜਦੋਂ ਪ੍ਰਧਾਨ ਮੰਤਰੀ ਦਾ ਕਾਫਲਾ ਹੁਸੈਨੀਵਾਲਾ ਸਥਿਤ ਰਾਸ਼ਟਰੀ ਸ਼ਹੀਦ ਸਮਾਰਕ ਤੋਂ ਲਗਭਗ 30 ਕਿਲੋਮੀਟਰ ਦੂਰ ਫਲਾਈਓਵਰ ‘ਤੇ ਪਹੁੰਚਿਆ ਤਾਂ ਪਤਾ ਲੱਗਾ ਕਿ ਕੁੱਝ ਪ੍ਰਦਰਸ਼ਨਕਾਰੀਆਂ ਨੇ ਸੜਕ ਜਾਮ ਕਰ ਦਿੱਤੀ ਸੀ। ਪੀਐੱਮ 15-20 ਮਿੰਟ ਤੱਕ ਫਲਾਈਓਵਰ ‘ਤੇ ਫਸੇ ਰਹੇ। ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਦੌਰਾ ਰੱਦ ਕਰ ਦਿੱਤਾ ਗਿਆ। ਇਹ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਇੱਕ ਵੱਡੀ ਲਾਪਰਵਾਹੀ ਸੀ। ਕੇਂਦਰ ਨੇ ਸੂਬਾ ਸਰਕਾਰ ਤੋਂ ਇਸ ਬਾਰੇ ਰਿਪੋਰਟ ਵੀ ਤਲਬ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: