ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਦੇ ਵੱਧ ਰਹੇ ਪ੍ਰਕੋਪ ਅਤੇ ਤੀਜੀ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਉੜੀਸਾ ਵਿੱਚ ਰੱਥ ਯਾਤਰਾ ਕੱਢਣ ‘ਤੇ ਪਾਬੰਦੀ ਲਗਾ ਦਿੱਤੀ ਹੈ । ਅਦਾਲਤ ਨੇ ਸਿਰਫ ਪੁਰੀ ਵਿੱਚ ਜਗਨਨਾਥ ਮੰਦਿਰ ਵਿੱਚ ਰੱਥ ਯਾਤਰਾ ਕੱਢਣ ਦੀ ਇਜਾਜ਼ਤ ਦਿੱਤੀ ਹੈ।
ਦਰਅਸਲ, ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਪੂਰੇ ਰਾਜ ਵਿੱਚ ਰੱਥ ਯਾਤਰਾ ਕੱਢਣ ਲਈ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ਕੋਰੋਨਾ ਦੇ ਫੈਲਣ ਦੀ ਸੰਭਾਵਨਾ ਦੇ ਮੱਦੇਨਜ਼ਰ ਉੜੀਸਾ ਸਰਕਾਰ ਦੇ ਆਦੇਸ਼ ਨਾਲ ਸਹਿਮਤ ਹਨ ।
ਦੱਸ ਦੇਈਏ ਕਿ ਉੜੀਸਾ ਸਰਕਾਰ ਨੇ ਸਿਰਫ ਪੁਰੀ ਵਿੱਚ ਰੱਥ ਯਾਤਰਾ ਦੀ ਆਗਿਆ ਦਿੱਤੀ ਸੀ । ਅਦਾਲਤ ਵਿੱਚ ਦਾਇਰ ਪਟੀਸ਼ਨਾਂ ਵਿੱਚ ਬਾਰੀਪਦਾ, ਸਸਾਂਗ ਅਤੇ ਉੜੀਸਾ ਦੇ ਹੋਰ ਸ਼ਹਿਰਾਂ ਵਿੱਚ ਰੱਥ ਯਾਤਰਾ ਲਈ ਆਗਿਆ ਮੰਗੀ ਗਈ ਸੀ, ਪਰ ਸੁਪਰੀਮ ਕੋਰਟ ਨੇ ਰੱਥ ਯਾਤਰਾ ਲਈ ਮਨਜ਼ੂਰੀ ਨਹੀਂ ਦਿੱਤੀ ।
ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਪਾਬੰਦੀਆਂ ਦੇ ਨਾਲ ਪੁਰੀ ਵਿੱਚ ਰੱਥ ਯਾਤਰਾ ਦੇ ਸਰਕਾਰ ਦੇ ਆਦੇਸ਼ ਨੂੰ ਸਹੀ ਦੱਸਿਆ । ਬਾਕੀ ਹਿੱਸਿਆਂ ਵਿੱਚ ਸਿਰਫ ਮੰਦਿਰ ਦੇ ਅੰਦਰ ਪੂਜਾ ਦੀ ਆਗਿਆ ਹੈ। ਮਾਮਲੇ ਦੀ ਸੁਣਵਾਈ ਕਰ ਰਹੇ ਚੀਫ਼ ਜਸਟਿਸ ਨੇ ਕਿਹਾ ਕਿ ਮੈਂ ਵੀ ਪੁਰੀ ਜਾਣਾ ਚਾਹੁੰਦਾ ਹਾਂ । ਉਮੀਦ ਹੈ ਕਿ ਅਗਲੇ ਸਾਲ ਪ੍ਰਮਾਤਮਾ ਸਾਰੀਆਂ ਰਸਮਾਂ ਨੂੰ ਪੂਰਾ ਕਰਨ ਦੀ ਆਗਿਆ ਦੇਣਗੇ।
ਦੱਸ ਦੇਈਏ ਕਿ ਇਸ ਸਾਲ ਸਲਾਨਾ ਰੱਥ ਯਾਤਰਾ ਦਾ ਤਿਉਹਾਰ ਸ਼ਰਧਾਲੂਆਂ ਦੀ ਭੀੜ ਤੋਂ ਬਗੈਰ ਹੋਵੇਗਾ ਅਤੇ ਉਨ੍ਹਾਂ ਨੂੰ ਰੱਥ ਯਾਤਰਾ ਦੇ ਰਸਤੇ ਵਿੱਚ ਛੱਤਾਂ ਤੋਂ ਰਸਮ ਵੇਖਣ ਦੀ ਆਗਿਆ ਨਹੀਂ ਹੋਵੇਗੀ । ਪੁਰੀ ਦੇ ਜ਼ਿਲ੍ਹਾ ਮੈਜਿਸਟਰੇਟ ਸਮਰਥ ਵਰਮਾ ਨੇ ਕਿਹਾ ਕਿ ਪ੍ਰਸ਼ਾਸਨ ਨੇ ਆਪਣੇ ਫੈਸਲੇ ਦੀ ਸਮੀਖਿਆ ਕੀਤੀ ਹੈ ਅਤੇ ਘਰਾਂ ਅਤੇ ਹੋਟਲਾਂ ਦੀਆਂ ਛੱਤਾਂ ਤੋਂ ਰੱਥ ਯਾਤਰਾ ਦੇ ਦ੍ਰਿਸ਼ ਨੂੰ ਵੇਖਣ ‘ਤੇ ਵੀ ਪਾਬੰਦੀਆਂ ਲਗਾਈਆਂ ਗਈਆਂ ਹਨ।