ਸੁਪਰੀਮ ਕੋਰਟ ਨੇ ਸੋਮਵਾਰ ਨੂੰ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਨੂੰ ਮਾਣਹਾਨੀ ਮਾਮਲੇ ਵਿੱਚ ਚਾਰ ਮਹੀਨਿਆਂ ਦੀ ਸਜ਼ਾ ਸੁਣਾਈ ਹੈ ਅਤੇ 2000 ਰੁਪਏ ਜੁਰਮਾਨਾ ਵੀ ਲਗਾਇਆ ਹੈ । ਮਾਲਿਆ ਨੂੰ 4 ਹਫ਼ਤਿਆਂ ਦੇ ਅੰਦਰ ਵਿਆਜ ਦੇ ਨਾਲ 40 ਮਿਲੀਅਨ ਡਾਲਰ ਵੀ ਵਾਪਸ ਕਰਨ ਲਈ ਕਿਹਾ ਗਿਆ ਹੈ ਜੋ ਉਸਨੇ ਆਪਣੇ ਬੱਚਿਆਂ ਦੇ ਵਿਦੇਸ਼ੀ ਅਕਾਊਂਟ ਵਿੱਚ ਟ੍ਰਾਂਸਫਰ ਕੀਤੇ ਸਨ। ਅਜਿਹਾ ਨਾ ਕਰਨ ‘ਤੇ ਉਸਦੀ ਜਾਇਦਾਦ ਕੁਰਕ ਕੀਤੀ ਜਾਵੇਗੀ। ਇਸ ਮਾਮਲੇ ਦੀ ਸੁਣਵਾਈ ਜਸਟਿਸ ਯੂਯੂ ਲਲਿਤ, ਰਵਿੰਦਰ ਐਸ ਭੱਟ ਅਤੇ ਪੀਐਸ ਨਰਸਿਮਹਾ ਦੀ ਬੈਂਚ ਵੱਲੋਂ ਕੀਤੀ ਗਈ । ਦੱਸ ਦੇਈਏ ਕਿ ਇਸ ਮਾਮਲੇ ਵਿੱਚ 10 ਮਾਰਚ ਨੂੰ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ । ਅਦਾਲਤ ਨੇ ਸੁਣਵਾਈ ਦੌਰਾਨ ਕਿਹਾ ਸੀ ਕਿ ਮਾਲਿਆ ਖ਼ਿਲਾਫ਼ ਮੁਕੱਦਮੇ ਵਿੱਚ ਕੋਈ ਪ੍ਰਗਤੀ ਨਹੀਂ ਹੋ ਸਕਦੀ।
ਦੱਸ ਦੇਈਏ ਕਿ ਮਾਲਿਆ ਨੇ ਨਾ ਸਿਰਫ਼ ਵਿਦੇਸ਼ੀ ਖਾਤਿਆਂ ਵਿੱਚ ਪੈਸੇ ਟ੍ਰਾਂਸਫਰ ਕਰਨ ਨੂੰ ਲੈ ਕੇ ਅਦਾਲਤ ਨੂੰ ਗਲਤ ਜਾਣਕਾਰੀ ਦਿੱਤੀ ਸੀ, ਬਲਕਿ ਪਿਛਲੇ 5 ਸਾਲਾਂ ਤੋਂ ਕੋਰਟ ਵਿੱਚ ਪੇਸ਼ ਨਾ ਹੋ ਕੇ ਮਾਣਹਾਨੀ ਨੂੰ ਹੋਰ ਅੱਗੇ ਵਧਾਇਆ ਹੈ। ਮਾਲਿਆ ਨੂੰ 9 ਮਈ 2017 ਨੂੰ ਹੀ ਸੁਪਰੀਮ ਕੋਰਟ ਨੇ ਮਾਣਹਾਨੀ ਦਾ ਦੋਸ਼ੀ ਕਰਾਰ ਦਿੱਤਾ ਸੀ। ਇਸ ਨੂੰ ਡਿਏਗੋ ਡੀਲ ਦੇ 40 ਮਿਲੀਅਨ ਡਾਲਰ ਆਪਣੇ ਬੱਚਿਆਂ ਦੇ ਵਿਦੇਸ਼ੀ ਅਕਾਊਂਟ ਵਿੱਚ ਟ੍ਰਾਂਸਫਰ ਕਰਨ ਤੇ ਜਾਇਦਾਦ ਦਾ ਸਹੀ ਬਿਓਰਾ ਨਾ ਦੇਣ ਲਈ ਵੀ ਮਾਣਹਾਨੀ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਵਿਧਾਇਕਾਂ ਦੇ ਸਫਰ ਭੱਤੇ ’ਚ ਕਟੌਤੀ ਦੀ ਤਿਆਰੀ ‘ਚ ਮਾਨ ਸਰਕਾਰ, 2.70 ਕਰੋੜ ਰੁਪਏ ਦੀ ਹੋਵੇਗੀ ਬੱਚਤ
ਗੌਰਤਲਬ ਹੈ ਕਿ ਭਾਰਤੀ ਸਟੇਟ ਬੈਂਕ ਦੀ ਅਗਵਾਈ ਵਿੱਚ ਬੈਂਕਾਂ ਦੇ ਇੱਕ ਕੰਸੋਰਟੀਅਮ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਮਾਲਿਆ 9 ਹਜ਼ਾਰ ਕਰੋੜ ਤੋਂ ਵੱਧ ਦੇ ਲੋਨ ‘ਤੇ ਅਦਾਲਤ ਦੇ ਆਦੇਸ਼ਾਂ ਦਾ ਪਾਲਣ ਨਹੀਂ ਕਰ ਰਿਹਾ ਹੈ। ਦੱਸ ਦੇਈਏ ਕਿ ਮਾਲਿਆ ਮਾਰਚ 2016 ਤੋਂ ਯੂਕੇ ਵਿੱਚ ਹੈ।
ਵੀਡੀਓ ਲਈ ਕਲਿੱਕ ਕਰੋ -: