suspected terrorist isis arrest: ਸ਼ੱਕੀ ਅੱਤਵਾਦੀ ਅਬੂ ਯੂਸਫ ਜੋ ਕਿ ਦਿੱਲੀ ਵਿੱਚ ਇੱਕ ਮੁਕਾਬਲੇ ਤੋਂ ਬਾਅਦ ਫੜਿਆ ਗਿਆ ਹੈ, ਉਸ ਨੇ ਪੁੱਛਗਿੱਛ ਦੌਰਾਨ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਉਸਨੇ ਪੁਲਿਸ ਨੂੰ ਦੱਸਿਆ ਕਿ ਉਹ ਦਿੱਲੀ ਅਤੇ ਯੂਪੀ ਵਿੱਚ ਧਮਾਕੇ ਕਰਨ ਦੀ ਸਾਜਿਸ਼ ਰਚ ਰਿਹਾ ਸੀ। ਉਹ ਅਫਗਾਨਿਸਤਾਨ ‘ਚ ਮੌਜੂਦ ਆਪਣੇ ਆਕਾਵਾਂ ਨਾਲ ਸੰਪਰਕ ਵਿੱਚ ਸੀ। ਉਸ ਨੂੰ ਉਥੋਂ ਹੀ ਨਿਰਦੇਸ਼ ਦਿੱਤੇ ਜਾ ਰਹੇ ਸਨ। ਮੁੱਢਲੀ ਜਾਣਕਾਰੀ ਦੇ ਅਨੁਸਾਰ ਸ਼ੱਕੀ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਉਹ ਰਾਮ ਮੰਦਰ ਉਸਾਰੀ ਸਬੰਧੀ ਬੰਬ ਧਮਾਕਾ ਕਰਨਾ ਚਾਹੁੰਦਾ ਸੀ। ਉਹ ਅਫਗਾਨਿਸਤਾਨ ‘ਚ ਆਪਣੇ ਕੁੱਝ ਮਾਸਟਰਾਂ ਨਾਲ ਸੰਪਰਕ ਵਿੱਚ ਸੀ। ਐਨਐਸਜੀ ਦੀ ਟੀਮ ਉਸ ਦੇ ਕਬਜ਼ੇ ਵਿਚੋਂ ਬਰਾਮਦ ਪ੍ਰੈਸ਼ਰ ਕੂਕਰ ਵਿੱਚ ਮੌਜੂਦ ਵਿਸਫੋਟਕਾਂ ਦੀ ਜਾਂਚ ਕਰ ਰਹੀ ਹੈ ਕਿ ਇਸ ਵਿੱਚ ਕਿਹੜਾ ਰਸਾਇਣ ਵਰਤਿਆ ਗਿਆ ਸੀ। ਦਰਅਸਲ, ਖੁਫੀਆ ਏਜੰਸੀਆਂ ਨੇ ਪਿੱਛਲੇ ਦਿਨੀਂ ਦੋ ਮਹੱਤਵਪੂਰਣ ਚਿਤਾਵਨੀਆਂ ਜਾਰੀ ਕੀਤੀਆਂ ਸਨ। ਜਿਸ ਵਿੱਚੋਂ ਇੱਕ ਅਲਰਟ ‘ਚ ਕਿਹਾ ਗਿਆ ਸੀ ਕਿ ਅੱਤਵਾਦੀ ਰਾਮ ਮੰਦਰ ਦੀ ਉਸਾਰੀ ਨੂੰ ਲੈ ਕੇ ਵੱਡੀ ਅੱਤਵਾਦੀ ਘਟਨਾ ਕਰ ਸਕਦੇ ਹਨ। ਉਨ੍ਹਾਂ ਦਾ ਨਿਸ਼ਾਨਾ ਵੀਆਈਪੀ ਅਤੇ ਰਾਜਧਾਨੀ ਦਿੱਲੀ ਹੈ।
ਤੁਹਾਨੂੰ ਦੱਸ ਦੇਈਏ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਧੌਲਾਕੁਆ ਅਤੇ ਕਰੋਲ ਬਾਗ ਦੇ ਵਿਚਕਾਰ ਰਿਜ ਰੋਡ ‘ਤੇ ਬੀਤੀ ਰਾਤ ਇੱਕ ਮੁੱਠਭੇੜ ਤੋਂ ਬਾਅਦ ਆਰਮੀ ਪਬਲਿਕ ਸਕੂਲ ਨੇੜੇ ਇੱਕ ਸ਼ੱਕੀ ਅੱਤਵਾਦੀ ਨੂੰ ਫੜਿਆ ਸੀ। ਉਸ ਤੋਂ ਦੋ ਪ੍ਰੈਸ਼ਰ ਕੂਕਰਾਂ ‘ਚ ਇੱਕ 15 ਕਿਲੋ ਆਈਈਡੀ ਬਰਾਮਦ ਕੀਤੀ ਗਈ ਸੀ। ਆਈਈਡੀ ਬਰਾਮਦ ਹੋਣ ਦੀ ਖ਼ਬਰ ਤੋਂ ਬਾਅਦ ਹੱਲਚਲ ਮੱਚ ਗਈ। ਸਪੈਸ਼ਲ ਸੈੱਲ ਅਤੇ ਬੰਬ ਡਿਸਪੋਜ਼ਲ ਸਕੁਐਡ ਆਈਈਡੀ ਨਾਲ ਬੁੱਧ ਜਯੰਤੀ ਪਾਰਕ ਪਹੁੰਚੀ ਅਤੇ ਇਸ ਨੂੰ ਡਿਸਪੋਜ਼ ਕਰ ਦਿੱਤਾ। ਇਸ ਕੰਮ ਲਈ ਤੇਜ਼ ਤਰਾਰ ਐਨਐਸਜੀ ਕਮਾਂਡੋ ਵੀ ਬੁਲਾਏ ਗਏ ਸਨ। ਜੋ ਹੁਣ ਇਸ ਕੇਸ ਦੀ ਜਾਂਚ ਵਿੱਚ ਸ਼ਾਮਿਲ ਹਨ। ਫੜੇ ਗਏ ਸ਼ੱਕੀ ਵਿਅਕਤੀ ਦੀ ਪਛਾਣ ਅਬੂ ਯੂਸਫ ਵਜੋਂ ਹੋਈ ਹੈ। ਜਿਸਦਾ ਸੰਪਰਕ ਆਈਐਸਆਈਐਸ ਨਾਲ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਅਬੂ ਯੂਸਫ ਯੂਪੀ ਦੇ ਬਲਰਾਮਪੁਰ ਦਾ ਰਹਿਣ ਵਾਲਾ ਹੈ। ਉਸ ਦੇ ਨਿਸ਼ਾਨੇ ‘ਤੇ ਕਈ ਵੱਡੀਆਂ ਹਸਤੀਆਂ ਸਨ। ਉਸਨੇ ਰਾਜਧਾਨੀ ਦੇ ਵੱਖ ਵੱਖ ਖੇਤਰਾਂ ਵਿੱਚ ਰੇਕੀ ਵੀ ਕੀਤੀ ਸੀ। ਹੁਣ ਪੁੱਛਗਿੱਛ ਦੌਰਾਨ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸਨੇ ਰਾਜਧਾਨੀ ਦੇ ਕਿਹੜੇ ਖੇਤਰਾਂ ਤੋਂ ਰੇਕੀ ਕੀਤੀ ਸੀ। ਕਿਹੜਾ ਵੱਡਾ ਚਿਹਰਾ ਇਸ ਅੱਤਵਾਦੀ ਦਾ ਨਿਸ਼ਾਨਾ ਸੀ।