Third consignment of oxygen concentrators: ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ । ਦੇਸ਼ ਵਿੱਚ ਰੋਜ਼ਾਨਾ ਲੱਖਾਂ ਮਾਮਲੇ ਸਾਹਮਣੇ ਆ ਰਹੇ ਹਨ । ਜਿਸ ਕਾਰਨ ਬਹੁਤ ਸਾਰੇ ਦੇਸ਼ ਮਦਦ ਲਈ ਅੱਗੇ ਆਏ ਹਨ ।
ਇਸ ਵਿਚਾਲੇ ਕੋਰੋਨਾ ਨਾਲ ਨਜਿੱਠਣ ਲਈ ਇਜ਼ਰਾਈਲ ਵੱਲੋਂ ਭੇਜੀ ਗਈ ਮੈਡੀਕਲ ਉਪਕਰਨਾਂ ਦੀ ਤੀਜੀ ਖੇਪ ਭਾਰਤ ਪਹੁੰਚ ਗਈ ਹੈ । ਜਿਸ ਵਿੱਚ 1300 ਆਕਸੀਜਨ ਕੰਨਸਟ੍ਰੇਟਰ ਅਤੇ 400 ਰੇਸਪਿਰੇਟਰ ਸ਼ਾਮਿਲ ਹਨ।
ਦਰਅਸਲ, ਇਜ਼ਰਾਈਲ ਸਰਕਾਰ ਵੱਲੋਂ ਹੁਣ ਤੱਕ ਕੁੱਲ 60 ਟਨ ਮੈਡੀਕਲ ਸਮੱਗਰੀ ਭੇਜੀ ਗਈ ਹੈ । ਜਿਸ ਵਿੱਚ 3 ਆਕਸੀਜਨ ਜੈਨਰੇਟਰ, 1710 ਆਕਸੀਜਨ ਕੰਸਨਟ੍ਰੇਟਰ ਅਤੇ 420 ਵੈਂਟੀਲੇਟਰ ਸ਼ਾਮਿਲ ਹਨ ।
ਇਸ ਸਬੰਧੀ ਭਾਰਤ ਵਿੱਚ ਇਜ਼ਰਾਈਲ ਦੇ ਰਾਜਦੂਤ ਡਾਕਟਰ ਰੌਨ ਮਲਕਾ ਨੇ ਕਿਹਾ “ਕੋਰੋਨਾ ਸੰਕਟ ਵਿੱਚ ਇੱਕ ਸੱਚੇ ਦੋਸਤ ਅਤੇ ਰਣਨੀਤਕ ਹਿੱਸੇਦਾਰ ਦੇ ਤੌਰ ‘ਤੇ ਇਜ਼ਰਾਈਲ ਨੂੰ ਭਾਰਤ ਨਾਲ ਮਜ਼ਬੂਤੀ ਨਾਲ ਖੜ੍ਹੇ ਰਹਿਣ ਵਿੱਚ ਖੁਸ਼ੀ ਹੋ ਰਹੀ ਹੈ ।”
ਇਸ ਤੋਂ ਅੱਗੇ ਉਨ੍ਹਾਂ ਨੇ ਕਿਹਾ ਕਿ ਅਸੀਂ ਪਿਛਲੇ ਕੁਝ ਦਿਨਾਂ ਵਿੱਚ ਮੈਡੀਕਲ ਉਪਕਰਨਾਂ ਦੀਆਂ ਤਿੰਨ ਖੇਪਾਂ ਭਾਰਤ ਨੂੰ ਸਫਲਤਾਪੂਰਵਕ ਭੇਜੀਆਂ ਹਨ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਇੱਕ ਮਜ਼ਬੂਤ ਦੋਸਤੀ ਹੈ ਅਤੇ ਕੋਵਿਡ-19 ਸੰਕਟ ਦੌਰਾਨ ਇਹ ਸਹਿਯੋਗ ਸਾਡੀ ਦੋਸਤੀ ਨੂੰ ਹੋਰ ਮਜ਼ਬੂਤ ਬਣਾਏਗਾ ।
ਜ਼ਿਕਰਯੋਗ ਹੈ ਕਿ ਇਜ਼ਰਾਈਲ ਵੱਲੋਂ ਡਾਕਟਰੀ ਸਹਾਇਤਾ ਦੀਆਂ ਤਿੰਨ ਵੱਖ-ਵੱਖ ਖੇਪਾਂ 4 ਮਈ, 7 ਮਈ ਅਤੇ 9 ਮਈ ਨੂੰ ਭਾਰਤੀ ਹਵਾਈ ਸੈਨਾ (ਆਈਏਐਫ) ਦੇ ਹਵਾਈ ਜਹਾਜ਼ਾਂ ਅਤੇ ਇੱਕ ਵਪਾਰਕ ਉਡਾਣ ਰਾਹੀਂ ਪਹੁੰਚੀਆਂ ।
ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਇਸੇ ਵਿਚਾਲੇ ਬੁੱਧਵਾਰ ਨੂੰ ਦੇਸ਼ ਵਿੱਚ ਕੋਰੋਨਾ ਦੇ ਕੁੱਲ 3.48 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਇਸ ਦੌਰਾਨ 4205 ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ । ਮੌਤ ਦੇ ਇਨ੍ਹਾਂ ਨਵੇਂ ਅੰਕੜਿਆਂ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ।