Those five faces of the peasant movement: ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਿੱਛਲੇ ਕੁੱਝ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਦੇ ਆਸ ਪਾਸ ਡੇਰਾ ਲਾਇਆ ਹੋਇਆ ਹੈ। ਖੇਤੀਬਾੜੀ ਕਾਨੂੰਨ ਦੇ ਵਿਰੁੱਧ ਸੜਕਾਂ ‘ਤੇ ਉੱਤਰੇ ਕਿਸਾਨ ਹੁਣ ਪਿੱਛੇ ਹੱਟਣ ਦਾ ਨਾਮ ਨਹੀਂ ਲੈ ਰਹੇ ਅਤੇ ਉਹ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਕਿਸਾਨਾਂ ਦਾ ਸੰਘਰਸ਼ ਲੰਬੇ ਸਮੇਂ ਤੋਂ ਜਾਰੀ ਹੈ। ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਅੱਜ 14 ਵੇਂ ਦਿਨ ਵੀ ਜਾਰੀ ਹੈ। ਖੇਤੀਬਾੜੀ ਕਾਨੂੰਨ ਵਾਪਿਸ ਲੈਣ ਦੀ ਮੰਗ ‘ਤੇ ਅੜੇ ਕਿਸਾਨਾਂ ਨੂੰ ਅੱਜ ਸਰਕਾਰ ਤੋਂ ਲਿਖਤੀ ਪ੍ਰਸਤਾਵ ਮਿਲਿਆ ਹੈ। ਸਰਕਾਰ ਨੇ ਐਮਐਸਪੀ, ਮੰਡੀ ਪ੍ਰਣਾਲੀ ਬਾਰੇ ਆਪਣੀ ਤਰਫੋਂ ਕੁੱਝ ਸੋਧਾਂ ਦਾ ਸੁਝਾਅ ਦਿੱਤਾ ਹੈ, ਜਿਸ ਦਾ ਹੁਣ ਕਿਸਾਨ ਜਵਾਬ ਦੇਣਗੇ। ਕੇਂਦਰ ਸਰਕਾਰ ਦਾ ਪ੍ਰਸਤਾਵ ਮਿਲਣ ਤੋਂ ਬਾਅਦ ਕਿਸਾਨਾਂ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਇਸ ਬੈਠਕ ਵਿੱਚ ਸਾਰੀਆਂ 40 ਜਥੇਬੰਦੀਆਂ ਸ਼ਾਮਿਲ ਹਨ, ਜੋ ਸਰਕਾਰ ਨਾਲ ਗੱਲਬਾਤ ਕਰਦੀਆਂ ਹਨ। ਅੰਦੋਲਨ ਦੇ ਲਗਾਤਾਰ ਮਜ਼ਬੂਤ ਹੋਣ ਕਾਰਨ ਕੇਂਦਰ ਸਰਕਾਰ ਵੀ ਦਬਾਅ ਵਿੱਚ ਲੱਗ ਰਹੀ ਹੈ, ਇਹ ਵੀ ਦਿਲਚਸਪ ਹੈ ਕਿ ਜਿਨ੍ਹਾਂ ਲੋਕਾਂ ਨੇ ਅਜਿਹੇ ਵਿਸ਼ਾਲ ਅੰਦੋਲਨ ਨੂੰ ਖੜ੍ਹਾ ਕਰਨ ਦੇ ਪਿੱਛੇ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ ਹੈ, ਉਨ੍ਹਾਂ ਵਾਰੇ ਅੱਜ ਵੀ ਬਹੁਤ ਨਹੀਂ ਜਾਣਦੇ।
ਇਸ ਅੰਦੋਲਨ ਦੇ ਮੁੱਖ ਆਗੂਆਂ ਬਾਰੇ ਕੁੱਝ ਜਾਣਕਾਰੀ- ਬਲਬੀਰ ਸਿੰਘ ਰਾਜੇਵਾਲ – ਬਲਬੀਰ ਸਿੰਘ ਰਾਜੇਵਾਲ ਭਾਰਤੀ ਕਿਸਾਨ ਯੂਨੀਅਨ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਹਨ। ਬਲਬੀਰ ਸਿੰਘ ਰਾਜੇਵਾਲ ਇਸ ਅੰਦੋਲਨ ਦੀ ਕਿੰਨੀ ਨੁਮਾਇੰਦਗੀ ਕਰਦੇ ਹਨ, ਇਸ ਗੱਲ ਦਾ ਅੰਦਾਜਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਕਈ ਵਾਰ ਫੋਨ ਕੀਤਾ ਹੈ। ਇਸ ਅੰਦੋਲਨ ਵਿੱਚ ਰਾਜੇਵਾਲ ਨੇ ਕਿਸਾਨਾਂ ਨੂੰ ਵਿਚਾਰਧਾਰਕ ਪੱਖ ਦਿਵਾਉਣ ਅਤੇ ਸਰਕਾਰ ਨਾਲ ਗੱਲਬਾਤ ਦੀਆਂ ਘੱਟੋ ਘੱਟ ਸ਼ਰਤਾਂ ਨੂੰ ਤੈਅ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ। ਉਹ ਇਸ ਸਮੇਂ ਬੀਕੇਯੂ ਰਾਜੇਵਾਲ ਦੇ ਪ੍ਰਧਾਨ ਵੀ ਹਨ।
ਗੁਰਨਾਮ ਸਿੰਘ ਚਡੂਨੀ– ਹਰਿਆਣਾ ਵਿੱਚ ਕਿਸਾਨੀ ਸੰਦੋਲਨ ਨੂੰ ਮਜ਼ਬੂਤ ਕਰਨ ਪਿੱਛੇ ਸਭ ਤੋਂ ਵੱਡਾ ਨਾਮ ਗੁਰਨਾਮ ਸਿੰਘ ਚਡੂਨੀ ਹੈ। ਗੁਰਨਾਮ ਸਿੰਘ ਚਡੂਨੀ ਕੁਰੂਕਸ਼ੇਤਰ ਦੇ ਚਡੂਨੀ ਪਿੰਡ ਦੇ ਰਹਿਣ ਵਾਲੇ ਹਨ ਅਤੇ ਉਹ ਹਰਿਆਣੇ ਦੀ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਹਨ। ਚਡੂਨੀ ਪਿਛਲੇ ਦੋ ਦਹਾਕਿਆਂ ਤੋਂ ਕਿਸਾਨਾਂ ਦੇ ਮਸਲਿਆਂ ਤੇ ਨਿਰੰਤਰ ਸਰਗਰਮ ਹਨ। ਚਡੂਨੀ ਨੇ ਸਮੁੱਚੇ ਰਾਜ ਵਿੱਚ ਲਹਿਰ ਚਲਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਚਡੂਨੀ ਨੇ ਰਾਜਨੀਤੀ ਵਿੱਚ ਵੀ ਹੱਥ ਅਜ਼ਮਾਏ ਹਨ। ਉਸਨੇ ਪਿਛਲੇ ਸਾਲ ਆਜ਼ਾਦ ਉਮੀਦਵਾਰ ਵਜੋਂ ਹਰਿਆਣਾ ਵਿਧਾਨ ਸਭਾ ਦੀ ਚੋਣ ਲੜੀ ਸੀ।
ਜੋਗਿੰਦਰ ਸਿੰਘ ਉਗਰਾਹਾਂ– ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਪੰਜਾਬ ਦੀ ਸਭ ਤੋਂ ਮਜ਼ਬੂਤ ਅਤੇ ਸਭ ਤੋਂ ਵੱਡੀ ਕਿਸਾਨੀ ਯੂਨੀਅਨ ਹੈ। ਜੋਗਿੰਦਰ ਸਿੰਘ ਉਗਰਾਹਾਂ ਇਸ ਦੇ ਪ੍ਰਧਾਨ ਹਨ ਜਾਂ ਇਥੋਂ ਤੱਕ ਕਹਿ ਸਕਦੇ ਹਾਂ ਕਿ ਜੋਗਿੰਦਰ ਸਿੰਘ ਉਗਰਾਹਾਂ ਹੀ ਸੀ ਜਿਨ੍ਹਾਂ ਨੇ ਇਸ ਸੰਸਥਾ ਨੂੰ ਬਣਾਇਆ ਸੀ। ਉਹ ਰਿਟਾਇਰਡ ਫੌਜੀ ਹਨ। ਉਨ੍ਹਾਂ ਦੇ ਪ੍ਰਭਾਵ ਦੇ ਕਾਰਨ, ਇਹ ਸੰਗਠਨ ਵਧੇਰੇ ਪ੍ਰਸਿੱਧ ਹੋ ਗਿਆ ਹੈ। ਮਹਿਲਾ ਕਿਸਾਨ ਵੀ ਇਸ ਜਥੇਬੰਦੀ ਵਿੱਚ ਸ਼ਾਮਿਲ ਹਨ ਅਤੇ ਵੱਡੀ ਗਿਣਤੀ ਵਿੱਚ ਲੋਕ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਿੱਚ ਦਿੱਲੀ ਪਹੁੰਚੇ ਹਨ।
ਜਗਮੋਹਨ ਸਿੰਘ – ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਤੋਂ ਬਾਅਦ, ਪੰਜਾਬ ਵਿੱਚ ਸਭ ਤੋਂ ਮਜ਼ਬੂਤ ਪਕੜ ਰੱਖਣ ਵਾਲੀ ਕਿਸਾਨੀ ਸੰਸਥਾ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਹੈ। ਜਗਮੋਹਨ ਸਿੰਘ ਇਸ ਸੰਸਥਾ ਦੇ ਆਗੂ ਹਨ। ਕੁੱਝ ਰਿਪੋਰਟਾਂ ਅਨੁਸਾਰ, 1984 ਦੇ ਸਿੱਖ ਵਿਰੋਧੀ ਦੰਗਿਆਂ ਤੋਂ ਬਾਅਦ, ਜਗਮੋਹਨ ਸਿੰਘ ਪੂਰੀ ਤਰ੍ਹਾਂ ਸਮਾਜਿਕ ਕਾਰਜਾਂ ਪ੍ਰਤੀ ਸਮਰਪਤ ਹੋ ਗਏ ਸੀ। ਜਗਮੋਹਨ ਸਿੰਘ ਫਿਰੋਜ਼ਪੁਰ ਦੇ ਵਸਨੀਕ ਹਨ। ਪੰਜਾਬ ਤੋਂ ਇਲਾਵਾ ਉਨ੍ਹਾਂ ਦਾ ਅਧਾਰ ਦੇਸ਼ ਦੇ ਹੋਰ ਹਿੱਸਿਆਂ ਅਤੇ ਸਮਾਜ ਸੇਵੀਆਂ ਵਿਚਕਾਰ ਵੀ ਹੈ। ਉਹ ਇਸ ਅੰਦੋਲਨ ਵਿੱਚ ਸਾਰੇ ਰਾਜਾਂ ਦੇ ਲੋਕਾਂ ਨੂੰ ਸ਼ਾਮਿਲ ਕਰਨ ਅਤੇ ਤੀਹ ਤੋਂ ਵਧੇਰੇ ਕਿਸਾਨ ਸੰਗਠਨਾਂ ਨੂੰ ਇਕਜੁਟ ਰੱਖਣ ਵਿੱਚ ਅਹਿਮ ਭੂਮਿਕਾ ਅਦਾ ਕਰ ਰਹੇ ਹਨ।
ਡਾਕਟਰ ਦਰਸ਼ਨ ਪਾਲ – ਡਾ ਦਰਸ਼ਨ ਪਾਲ ਇਨਕਲਾਬੀ ਕਿਸਾਨ ਯੂਨੀਅਨ ਨਾਲ ਜੁੜੇ ਹੋਏ ਹਨ। ਇਹ ਸੰਗਠਨ ਖੱਬੇਪੱਖੀ ਵਿਚਾਰਧਾਰਾ ਦਾ ਸਮਰਥਨ ਕਰਦਾ ਹੈ। ਪੰਜਾਬ ਵਿਚ ਇਸ ਸੰਸਥਾ ਦਾ ਸਮਰਥਨ ਅਧਾਰ ਬਾਕੀ ਕਿਸਾਨ ਜੱਥੇਬੰਦੀਆਂ ਨਾਲੋਂ ਬਹੁਤ ਘੱਟ ਹੈ। ਪਰ, ਦਰਸ਼ਨ ਪਾਲ ਅੱਜ ਦੀ ਕਿਸਾਨ ਲਹਿਰ ਦਾ ਸਭ ਤੋਂ ਵੱਡਾ ਚਿਹਰਾ ਹੈ। ਐਮਬੀਬੀਐਸ-ਐਮਡੀ ਡਾ: ਦਰਸ਼ਨ ਪਾਲ ਨੇ ਕਈ ਸਾਲਾਂ ਤੱਕ ਸਰਕਾਰੀ ਨੌਕਰੀ ਕੀਤੀ ਹੈ। ਉਨ੍ਹਾਂ ਨੇ ਲੱਗਭਗ 20 ਸਾਲ ਪਹਿਲਾਂ ਨੌਕਰੀ ਛੱਡ ਦਿੱਤੀ ਸੀ ਅਤੇ ਉਦੋਂ ਤੋਂ ਹੀ ਕਿਸਾਨਾਂ ਦੀ ਆਵਾਜ਼ ਬੁਲੰਦ ਕਰ ਰਹੇ ਹਨ। ਡਾ: ਦਰਸ਼ਨ ਪਾਲ ਨੇ ਕਿਸਾਨ ਜੱਥੇਬੰਦੀਆਂ ਵਿੱਚ ਤਾਲਮੇਲ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪਟਿਆਲਾ ਦੇ ਵਸਨੀਕ ਡਾ: ਦਰਸ਼ਨ ਪਾਲ ਮੀਡੀਆ ਨਾਲ ਗੱਲਬਾਤ ਕਰਨ ਦੀ ਵੀ ਜ਼ਿੰਮੇਵਾਰੀ ਨਿਭਾ ਰਹੇ ਹਨ। ਉਹ ਕਿਸਾਨ ਲੀਡਰਸ਼ਿਪ ਦੇ ਉਨ੍ਹਾਂ ਚਿਹਰਿਆਂ ਵਿੱਚੋਂ ਹਨ ਜੋ ਖੇਤਰੀ ਭਾਸ਼ਾਵਾਂ ਦੇ ਨਾਲ-ਨਾਲ ਅੰਗਰੇਜ਼ੀ ਵਿੱਚ ਵੀ ਮੀਡੀਆ ਦੇ ਸਾਮ੍ਹਣੇ ਕਿਸਾਨਾਂ ਦੀ ਗੱਲਬਾਤ ਨੂੰ ਦ੍ਰਿੜਤਾ ਨਾਲ ਰੱਖਦੇ ਹਨ।
ਇਹ ਵੀ ਦੇਖੋ : ਅਮਿਤ ਸ਼ਾਹ ਨੇ ਮੰਨੀ ਆਪਣੀ ਗਲਤੀ, ਹੋਰ ਸੁਣੋ ਕਿਸਾਨਾਂ ਨੂੰ ਕੀ ਕਿਹਾ ਸੀ ਅਮਿਤ ਸ਼ਾਹ ਨੇ