ਬੀਤੇ ਦਿਨ ਪੂਰੇ ਭਾਰਤ ਵਿੱਚ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ ਹੈ। ਉੱਥੇ ਹੀ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਵੀ ਦਿੱਲੀ ਦੀਆਂ ਬਰੂਹਾਂ ‘ਤੇ ਦੀਵਾਲੀ ਮਨਾਈ ਹੈ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਤੇ ਹੋਰ ਆਗੂਆਂ ਨਾਲ ਗਾਜ਼ੀਪੁਰ ਧਰਨੇ ਵਾਲੀ ਥਾਂ ’ਤੇ ਹੀ ਸ਼ਹੀਦ ਕਿਸਾਨਾਂ ਤੇ ਜਵਾਨਾਂ ਨੂੰ ਯਾਦ ਕਰਕੇ ਦੀਵਾਲੀ ਮਨਾਈ ਹੈ।
ਇਸ ਦੌਰਾਨ ਅੰਦੋਲਨਕਾਰੀ ਕਿਸਾਨਾਂ ਨੇ ਪ੍ਰਦਰਸ਼ਨ ਦੌਰਾਨ ਸ਼ਹੀਦ ਹੋਏ ਜਵਾਨਾਂ ਲਈ ‘ਦੋ ਦੀਵੇ, ਸ਼ਹੀਦਾਂ ਦੇ ਲਈ’ ਨਾਂ ਦਾ ਪ੍ਰੋਗਰਾਮ ਵੀ ਕੀਤਾ। ਇੱਕ ਚੈੱਨਲ ਨਾਲ ਗੱਲਬਾਤ ਕਰਦਿਆਂ ਟਿਕੈਤ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਆਖਰੀ ਵਾਰ 22 ਜਨਵਰੀ ਨੂੰ ਗੱਲ ਕੀਤੀ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਸਰਕਾਰ ਨੂੰ 26 ਨਵੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ, ਉਸ ਤਰੀਕ ਤੱਕ ਕਿਸਾਨਾਂ ਦੇ ਧਰਨੇ ਨੂੰ ਇੱਕ ਸਾਲ ਹੋ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਆਪਣੇ ਟਰੈਕਟਰਾਂ ਨਾਲ ਦੋ ਘੰਟੇ ਸਟੈਂਡਬਾਏ ਮੋਡ ‘ਤੇ ਹਨ। ਇਹ ਪੁੱਛੇ ਜਾਣ ‘ਤੇ ਕਿ ਕਿਸਾਨਾਂ ਦਾ ਅੰਦੋਲਨ ਕਦੋਂ ਤੱਕ ਚੱਲੇਗਾ, ਟਿਕੈਤ ਨੇ ਕਿਹਾ, “ਜੇਕਰ ਸਰਕਾਰਾਂ 5 ਸਾਲ ਤੱਕ ਚੱਲ ਸਕਦੀਆਂ ਹਨ, ਤਾਂ ਵਿਰੋਧ ਪ੍ਰਦਰਸ਼ਨ ਵੀ 5 ਸਾਲ ਚੱਲ ਸਕਦੇ ਹਨ।”
ਇਹ ਵੀ ਪੜ੍ਹੋ : ਆਰੀਅਨ ਖਾਨ ਅੱਜ NCB ਸਾਹਮਣੇ ਹੋਣਗੇ ਪੇਸ਼, ਹਾਈਕੋਰਟ ਨੇ ਰੱਖੀ ਸੀ ਇਹ ਸ਼ਰਤ
ਉਨ੍ਹਾਂ ਕਿਹਾ ਕਿ ਧਰਨੇ ਵਾਲੀ ਥਾਂ ’ਤੇ ਘੱਟ ਭੀੜ ਕੋਈ ਮੁੱਦਾ ਨਹੀਂ ਹੈ। ਟਿਕੈਤ ਨੇ ਕਿਹਾ ਕਿ ਲੋਕਾਂ ਦੇ ਵਿਚਾਰ ਅਤੇ ਰਾਏ ਉਨ੍ਹਾਂ ਨੂੰ ਵੱਡਾ ਬਣਾਉਂਦੇ ਹਨ ਨਾ ਕਿ ਸਿਰਫ਼ ਸਰੀਰਕ ਦਿੱਖ। ਇਸ ਲਈ ਧਰਨੇ ਵਾਲੀ ਥਾਂ ‘ਤੇ ਭੀੜ ਦੀ ਕਮੀ ਕੋਈ ਮੁੱਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਿਸਾਨ 2 ਘੰਟੇ ਸਟੈਂਡਬਾਏ ਮੋਡ ‘ਤੇ ਤਿਆਰ ਹਨ। ਦਿੱਲੀ ਦੀਆਂ ਸਰਹੱਦਾਂ ‘ਤੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ MSP ‘ਤੇ ਪੱਕਾ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਨੂੰ 11 ਮਹੀਨਿਆਂ ਤੋਂ ਜਿਆਦਾ ਦਾ ਸਮਾਂ ਬੀਤ ਚੁੱਕਾ ਹੈ। ਇੰਨ੍ਹਾਂ 11 ਮਹੀਨਿਆਂ ਦੌਰਾਨ ਜਿੰਨੇ ਵੀ ਤਿਉਹਾਰ ਆਏ ਹਨ ਕਿਸਾਨਾਂ ਨੇ ਸਾਰੇ ਹੀ ਦਿੱਲੀ ਦੇ ਬਾਰਡਰਾਂ ‘ਤੇ ਮਨਾਏ ਹਨ।
ਵੀਡੀਓ ਲਈ ਕਲਿੱਕ ਕਰੋ -: