Tractor rally in madhya pradesh: ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 27 ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਇਸੇ ਵਿਚਾਲੇ ਸਰਕਾਰ ਵੱਲੋਂ ਕਿਸਾਨ ਆਗੂਆਂ ਨੂੰ ਗੱਲਬਾਤ ਕਰਨ ਦੀ ਨਵੀਂ ਤਰੀਕ ਤੈਅ ਕਰਨ ਲਈ ਇੱਕ ਹੋਰ ਪੱਤਰ ਭੇਜਿਆ ਗਿਆ ਹੈ। ਉੱਥੇ ਹੀ ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਕਿਸਾਨਾਂ ਨੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਕਿਸਾਨ ਅੰਦੋਲਨ ਹੁਣ ਪੂਰੇ ਦੇਸ਼ ਦੇ ਕਿਸਾਨਾਂ ਦਾ ਅੰਦੋਲਨ ਵੀ ਬਣ ਚੁੱਕਾ ਹੈ। ਮੱਧ ਪ੍ਰਦੇਸ਼ ਦੀ ਨਰਮਦਾ ਘਾਟੀ ਦੇ ਕਿਸਾਨਾਂ, ਮਜ਼ਦੂਰਾਂ ਨੇ ਸਮਾਜ ਸੇਵਕ ਮੇਧਾ ਪਾਟਕਰ ਦੀ ਅਗਵਾਈ ਹੇਠ ਟਰੈਕਟਰਾਂ ਦੀ ਰੈਲੀ ਕੱਢ ਕੇ ਦਿੱਲੀ ਵਿੱਚ ਜਾਰੀ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਦਾ ਪ੍ਰਣ ਲਿਆ ਹੈ। ਇਹ ਰੈਲੀ ਕੱਲ੍ਹ ਬੜਵਾਨੀ, ਅਜੜ, ਮੰਡਵਾੜਾ, ਦੀਵਾਨਾ, ਠੀਕਰੀ ਹੁੰਦੇ ਹੋਏ ਧਾਰ ਪਹੁੰਚੇਗੀ।
ਰੈਲੀ ਦਾ ਉਦੇਸ਼ ਤਿੰਨਾਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨਾ ਹੈ ਅਤੇ ਇਸ ਦੇ ਨਾਲ ਹੀ ਬਿਜਲੀ ਬਿੱਲ ਦਾ ਵਿਰੋਧ ਕਰਨਾ ਹੈ ਜੋ ਸਬਸਿਡੀਆਂ ਨੂੰ ਖਤਮ ਕਰਦਾ ਹੈ ਜਦਕਿ ਬਿਜਲੀ ਨੂੰ ਹੋਰ ਮਹਿੰਗੀ ਵੀ ਬਣਾਉਂਦਾ ਹੈ। ਇਸ ਦੇ ਵਿਰੋਧ ਵਿੱਚ ‘ਦਿੱਲੀ ਚਲੋ’ ਦਾ ਨਾਅਰਾ ਦਿੱਤਾ ਗਿਆ ਹੈ। ਦੂਜੇ ਪਾਸੇ ਰਾਜਸਥਾਨ, ਹਰਿਆਣਾ, ਗੁਜਰਾਤ ਦੇ ਕਿਸਾਨ ਪਿੱਛਲੇ 9 ਦਿਨਾਂ ਤੋਂ ਖੇਤੀ ਕਾਨੂੰਨਾਂ ਵਿਰੁੱਧ ਹਰਿਆਣਾ-ਰਾਜਸਥਾਨ ਦੀ ਸ਼ਾਹਜਹਾਨਪੁਰ ਸਰਹੱਦ ‘ਤੇ ਜੈਪੁਰ-ਦਿੱਲੀ ਹਾਈਵੇ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਆਗੂਆਂ ਨੇ ਅੱਜ ਵਿਰੋਧ ਵਾਲੀ ਥਾਂ ’ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਪ੍ਰੈਸ ਕਾਨਫਰੰਸ ਨੂੰ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਕੋਟਾ ਦੇ ਆਗੂ ਬਲਵਿੰਦਰ ਸਿੰਘ, ਕਿਸਾਨ ਸਭਾ ਦੇ ਸੂਬਾ ਪ੍ਰਧਾਨ ਪੇਮਾਰਾਮ ਅਤੇ ਕਿਸਾਨ ਸਭਾ ਦੇ ਸੂਬਾ ਸਕੱਤਰ ਛਗਨ ਚੌਧਰੀ ਨੇ ਸੰਬੋਧਨ ਕੀਤਾ।
ਕਿਸਾਨ ਨੇਤਾਵਾਂ ਨੇ ਖੇਤੀਬਾੜੀ ਵਿੱਚ ਵਿਦੇਸ਼ੀ ਅਤੇ ਕਾਰਪੋਰੇਟ ਨਿਵੇਸ਼ ਨੂੰ ਲਿਆਉਣ ਲਈ ਭਾਜਪਾ-ਆਰਐਸਐਸ ਅਤੇ ਮੋਦੀ ਸਰਕਾਰ ਦੀ ਅਲੋਚਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ 70 ਕਰੋੜ ਲੋਕ ਖੇਤੀਬਾੜੀ ‘ਤੇ ਨਿਰਭਰ ਕਰਦੇ ਹਨ। ਇਨ੍ਹਾਂ ਕਾਨੂੰਨਾਂ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ਦਾਅ ਤੇ ਲੱਗੀ ਹੋਈ ਹੈ। ਖੇਤੀਬਾੜੀ ਦੇ ਤਿੰਨ ਕਾਨੂੰਨ ਖੇਤੀ ਬਾਜ਼ਾਰ ਤੋਂ ਸਰਕਾਰੀ ਕੰਟਰੋਲ ਹਟਾ ਦੇਣਗੇ। ਕੰਪਨੀਆਂ ਅਤੇ ਵੱਡੇ ਕਾਰੋਬਾਰੀ ਅੰਨ ਦਾ ਭੰਡਾਰਨ ਸ਼ੁਰੂ ਕਰਨਗੇ ਅਤੇ ਕਿਸਾਨਾਂ ਨੂੰ ਉਨ੍ਹਾਂ ਨਾਲ ਸਮਝੌਤੇ ਵਿੱਚ ਫਸਾ ਲੈਣਗੇ। ਇਸ ਨਾਲ ਕਿਸਾਨਾਂ ਸਿਰ ਕਰਜ਼ੇ ਦਾ ਬੋਝ ਵਧੇਗਾ ਅਤੇ ਗਰੀਬਾਂ ਦੀ ਖੁਰਾਕੀ ਸੁਰੱਖਿਆ ਨੂੰ ਹੋਰ ਕਮਜ਼ੋਰ ਕੀਤਾ ਜਾਵੇਗਾ।
ਇਹ ਵੀ ਦੇਖੋ : ਕਿਸਾਨ ਅੰਦੋਲਨ ਦੀ ਸਟੇਜ ਤੋਂ ਸੁਣੋ ਕਿਸਾਨ ਆਗੂਆਂ ਦੇ ਅਹਿਮ ਐਲਾਨ, Live