ਰਾਜਧਾਨੀ ਦਿੱਲੀ ਦੇ ਮੋਤੀਨਗਰ ਇਲਾਕੇ ਵਿੱਚ ਸਥਿਤ ਇੱਕ ਫਲੈਟ ਵਿੱਚ ਇੱਕ ਸੜੀ ਹੋਈ ਲਾਸ਼ ਮਿਲਣ ਤੋਂ ਬਾਅਦ ਵੀਰਵਾਰ ਸਵੇਰੇ ਇਲਾਕੇ ਵਿੱਚ ਸਨਸਨੀ ਫੈਲ ਗਈ। ਬਾਅਦ ਵਿੱਚ ਜੋ ਖੁਲਾਸਾ ਹੋਇਆ ਉਸ ਨੇ ਲੋਕਾਂ ਨੂੰ ਹੋਰ ਵੀ ਹੈਰਾਨ ਕਰ ਦਿੱਤਾ।
ਜਾਣਕਾਰੀ ਸਾਹਮਣੇ ਆਈ ਹੈ ਕਿ ਲਾਸ਼ ਜੰਮੂ -ਕਸ਼ਮੀਰ ਦੇ ਨੇਤਾ ਦੀ ਹੈ। ਮ੍ਰਿਤਕ ਦੀ ਪਛਾਣ ਜੰਮੂ-ਕਸ਼ਮੀਰ ਵਿਧਾਨ ਪ੍ਰੀਸ਼ਦ ਦੇ ਸਾਬਕਾ ਮੈਂਬਰ ਵਜੋਂ ਹੋਈ ਹੈ। ਉਨ੍ਹਾਂ ਦਾ ਨਾਮ ਤ੍ਰਿਲੋਚਨ ਸਿੰਘ ਵਜ਼ੀਰ (ਉਮਰ 67 ਸਾਲ) ਦੱਸਿਆ ਜਾਂ ਰਿਹਾ ਹੈ। ਉਹ ਨੈਸ਼ਨਲ ਕਾਨਫਰੰਸ ਵਿੱਚ ਸਨ। ਮੁੱਢਲੀ ਜਾਂਚ ਵਿੱਚ ਇਹ ਹੱਤਿਆ ਜਾਪ ਰਹੀ ਹੈ ਕਿਉਂਕਿ ਹਰਪ੍ਰੀਤ ਸਿੰਘ ਨਾਂ ਦਾ ਵਿਅਕਤੀ, ਜਿਸ ਨੇ ਇਹ ਫਲੈਟ ਕਿਰਾਏ ‘ਤੇ ਲਿਆ ਸੀ, ਉਹ ਫਰਾਰ ਹੈ ਅਤੇ ਘਰ ਦਾ ਦਰਵਾਜ਼ਾ ਵੀ ਅੰਦਰੋਂ ਬੰਦ ਨਹੀਂ ਸੀ। ਵੀਰਵਾਰ ਸਵੇਰੇ ਪੁਲਿਸ ਨੂੰ ਦਿੱਲੀ ਦੇ ਬਸਾਈ ਦਾਰਾ ਪੁਰ ਖੇਤਰ ਤੋਂ ਖ਼ਬਰ ਮਿਲੀ ਕਿ ਇੱਕ ਫਲੈਟ ਦੇ ਅੰਦਰੋਂ ਬਦਬੂ ਆ ਰਹੀ ਹੈ। ਪੁਲਿਸ ਇੱਕ ਘਰ ਦੀ ਤੀਜੀ ਮੰਜ਼ਿਲ ‘ਤੇ ਪਹੁੰਚੀ, ਜਿੱਥੇ ਉਨ੍ਹਾਂ ਨੂੰ ਇੱਕ ਫਲੈਟ ਦੇ ਬਾਹਰ ਤਾਲਾ ਮਿਲਿਆ। ਇਸ ਤੋਂ ਬਾਅਦ ਜਦੋਂ ਪੁਲਿਸ ਟੀਮ ਦਰਵਾਜ਼ਾ ਤੋੜ ਕੇ ਅੰਦਰ ਪਹੁੰਚੀ ਤਾਂ ਉਨ੍ਹਾਂ ਨੇ ਅੰਦਰ ਇੱਕ ਗਲੀ ਸੜੀ ਹੋਈ ਹਾਲਤ ਵਿੱਚ ਇੱਕ ਲਾਸ਼ ਵੇਖੀ।
ਮ੍ਰਿਤਕ ਦੇਹ ਕੋਲ ਇੱਕ ਮੋਬਾਈਲ ਫ਼ੋਨ ਸੀ ਅਤੇ ਜਦੋਂ ਪੁਲਿਸ ਨੇ ਉਸ ਫ਼ੋਨ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਮੋਬਾਈਲ ਫ਼ੋਨ ਨੈਸ਼ਨਲ ਕਾਨਫਰੰਸ ਜੰਮੂ ਦੇ ਨੇਤਾ ਤ੍ਰਿਲੋਚਨ ਸਿੰਘ ਵਜ਼ੀਰ ਦਾ ਹੈ। ਜੰਮੂ -ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਤ੍ਰਿਲੋਚਨ ਸਿੰਘ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਲਿਖਿਆ, “ਦੋਸਤ ਸਰਦਾਰ ਤ੍ਰਿਲੋਚਨ ਸਿੰਘ ਵਜ਼ੀਰ ਦੀ ਅਚਾਨਕ ਮੌਤ ਬਾਰੇ ਜਾਣਕਾਰੀ ਪ੍ਰਾਪਤ ਹੋਈ। ਉਹ ਵਿਧਾਨ ਪ੍ਰੀਸ਼ਦ ਦੇ ਸਾਬਕਾ ਮੈਂਬਰ ਸਨ। ਕੁੱਝ ਦਿਨ ਪਹਿਲਾਂ ਜੰਮੂ ਵਿੱਚ ਉਨ੍ਹਾਂ ਨਾਲ ਮੁਲਾਕਾਤ ਹੋਈ ਸੀ। ਪਤਾ ਨਹੀਂ ਸੀ ਕਿ ਇਹ ਸਾਡੀ ਆਖਰੀ ਮੁਲਾਕਾਤ ਹੋਵੇਗੀ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।”
ਇਹ ਵੀ ਪੜ੍ਹੋ : ਸਾਹਮਣੇ ਆਇਆ ਤਾਲਿਬਾਨ ਦਾ ‘ਅਸਲੀ ਚਿਹਰਾ’, ਪੱਤਰਕਾਰਾਂ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ,ਮਹਿਲਾਵਾਂ ‘ਤੇ ਵੀ ਜਾਰੀ ਅੱਤਿਆਚਾਰ
ਦਰਅਸਲ ਜਿਸ ਫਲੈਟ ਵਿੱਚ ਲਾਸ਼ ਮਿਲੀ ਸੀ, ਉਸ ਨੂੰ ਹਰਪ੍ਰੀਤ ਸਿੰਘ ਖਾਲਸਾ ਨਾਂ ਦੇ ਵਿਅਕਤੀ ਨੇ ਕਿਰਾਏ ‘ਤੇ ਲਿਆ ਸੀ। ਜੋ ਇਸ ਸਮੇ ਫਰਾਰ ਦੱਸਿਆ ਜਾ ਰਿਹਾ ਹੈ। ਫਿਲਹਾਲ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਤ੍ਰਿਲੋਚਨ ਉੱਥੇ ਕਿਵੇਂ ਪਹੁੰਚੇ। 1 ਸਤੰਬਰ ਨੂੰ ਤ੍ਰਿਲੋਚਨ ਸਿੰਘ ਜੰਮੂ ਤੋਂ ਦਿੱਲੀ ਆਏ ਸੀ ਅਤੇ 3 ਸਤੰਬਰ ਨੂੰ ਉਨ੍ਹਾਂ ਨੇ ਕੈਨੇਡਾ ਜਾਣਾ ਸੀ। ਪਰ ਤ੍ਰਿਲੋਚਨ ਸਿੰਘ ਨੇ ਫਲਾਈਟ ਨਹੀਂ ਫੜੀ ਅਤੇ ਉਦੋਂ ਤੋਂ ਉਹ ਲਾਪਤਾ ਸਨ ਅਤੇ ਪਰਿਵਾਰਕ ਮੈਂਬਰ ਉਨ੍ਹਾਂ ਦੀ ਭਾਲ ਕਰ ਰਹੇ ਸਨ। ਐਫਐਸਐਲ ਦੀ ਟੀਮ ਜਾਂਚ ਕਰਨ ਤੋਂ ਬਾਅਦ ਰਿਪੋਰਟ ਦੇਵੇਗੀ ਕਿ ਤ੍ਰਿਲੋਚਨ ਸਿੰਘ ਦੇ ਸਰੀਰ ‘ਤੇ ਜ਼ਖਮ ਗੋਲੀਆਂ ਦੇ ਨਿਸ਼ਾਨ ਹਨ ਜਾਂ ਨਹੀਂ।