ਉਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਰਾਮਗੜ੍ਹ ਪਿੰਡ ਵਿੱਚ ਬੱਦਲ ਫਟਣ ਦੀ ਇੱਕ ਘਟਨਾ ਸਾਹਮਣੇ ਆਈ ਹੈ। ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਦੇ ਅਨੁਸਾਰ, ਨੈਨੀਤਾਲ ਜ਼ਿਲ੍ਹੇ ਵਿੱਚ ਬੀਤੀ ਰਾਤ ਮੀਂਹ ਨਾਲ ਜੁੜੀਆਂ ਵੱਖ -ਵੱਖ ਘਟਨਾਵਾਂ ਵਿੱਚ 17 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਕਈ ਲੋਕ ਲਾਪਤਾ ਵੀ ਦੱਸੇ ਜਾ ਰਹੇ ਹਨ।
ਬੱਦਲ ਫੱਟਣ ਕਾਰਨ ਕਈ ਲੋਕਾਂ ਦੇ ਮਲਬੇ ਹੇਠ ਫਸੇ ਹੋਣ ਦਾ ਖਦਸ਼ਾ ਹੈ। ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਬਚਾਅ ਕਾਰਜ ਜਾਰੀ ਹਨ। ਜ਼ਖ਼ਮੀਆਂ ਨੂੰ ਮਲਬੇ ਵਿੱਚੋਂ ਕੱਢਿਆ ਗਿਆ ਹੈ। ਆਫਤ ਪ੍ਰਬੰਧਨ ਵਿਭਾਗ ਦੇ ਸਕੱਤਰ ਦਾ ਕਹਿਣਾ ਹੈ ਕਿ ਨੈਨੀਤਾਲ ਅਤੇ ਊਧਵ ਸਿੰਘ ਨਗਰ ਵਿੱਚ ਚੱਲ ਰਹੇ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਹਵਾਈ ਸੈਨਾ ਦੇ ਹੈਲੀਕਾਪਟਰ ਤਾਇਨਾਤ ਕੀਤੇ ਜਾਣਗੇ। ਉੱਤਰਾਖੰਡ ਦੇ ਡੀਜੀਪੀ ਅਸ਼ੋਕ ਕੁਮਾਰ ਦੇ ਅਨੁਸਾਰ, ਰਾਮਨਗਰ-ਰਾਨੀਖੇਤ ਸੜਕ ‘ਤੇ ਸਥਿਤ ਲੇਮਨ ਟ੍ਰੀ ਰਿਜੋਰਟ ਵਿੱਚ ਲਗਭਗ 100 ਲੋਕ ਫਸੇ ਹੋਏ ਸਨ। ਉਹ ਸਾਰੇ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਬਚਾਉਣ ਦੀ ਪ੍ਰਕਿਰਿਆ ਜਾਰੀ ਹੈ। ਨਦੀ ਦੇ ਓਵਰਫਲੋ ਹੋਣ ਕਾਰਨ ਕੋਸੀ ਨਦੀ ਦਾ ਪਾਣੀ ਰਿਜੋਰਟ ਵਿੱਚ ਦਾਖਲ ਹੋ ਗਿਆ, ਰਿਜੋਰਟ ਦਾ ਰਸਤਾ ਬੰਦ ਕਰ ਦਿੱਤਾ ਗਿਆ ਹੈ।
ਐਸਐਸਪੀ ਪ੍ਰੀਤੀ ਪ੍ਰਿਆਦਰਸ਼ਿਨੀ ਨੇ ਦੱਸਿਆ ਕਿ ਨੈਨੀਤਾਲ ਜ਼ਿਲ੍ਹੇ ਦੇ ਰਾਮਗੜ੍ਹ ਪਿੰਡ ਵਿੱਚ ਬੱਦਲ ਫੱਟਣ ਵਾਲੀ ਥਾਂ ਤੋਂ ਕੁੱਝ ਜ਼ਖ਼ਮੀਆਂ ਨੂੰ ਬਚਾਇਆ ਗਿਆ ਹੈ, ਮਲਬੇ ਹੇਠ ਦੱਬੇ ਲੋਕਾਂ ਦੀ ਅਸਲ ਗਿਣਤੀ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਸ ਦੇ ਨਾਲ ਹੀ ਨੈਨੀਤਾਲ ਝੀਲ ਦੇ ਓਵਰਫਲੋ ਹੋਣ ਕਾਰਨ ਨੈਨੀਤਾਲ ਦੀਆਂ ਸੜਕਾਂ ‘ਤੇ ਪਾਣੀ ਭਰ ਗਿਆ ਹੈ। ਇਮਾਰਤਾਂ ਅਤੇ ਘਰਾਂ ਵਿੱਚ ਵੀ ਪਾਣੀ ਭਰਿਆ ਵੇਖਿਆ ਜਾ ਰਿਹਾ ਹੈ।ਇਸ ਖੇਤਰ ਵਿੱਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: