West bengal election voting : ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ‘ਚ ਅੱਜ ਅੱਠਵੇਂ ਅਤੇ ਆਖਰੀ ਗੇੜ ਲਈ ਵੋਟਿੰਗ ਚੱਲ ਰਹੀ ਹੈ। ਅੱਜ 35 ਸੀਟਾਂ ‘ਤੇ 283 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫ਼ੈਸਲਾ ਹੋਣਾ ਹੈ। ਜਿਨ੍ਹਾਂ 35 ਸੀਟਾਂ ‘ਤੇ ਵੋਟਿੰਗ ਚੱਲ ਰਹੀ ਹੈ, ਉਨ੍ਹਾਂ ਵਿੱਚ ਮਾਲਦਾ ਦੀਆ 6, ਬੀਰਭੂਮ ਦੀਆ 11, ਮੁਰਸ਼ੀਦਾਬਾਦ ਦੀਆ 11 ਅਤੇ ਕੋਲਕਾਤਾ ਉੱਤਰ ਦੀਆਂ 7 ਸੀਟਾਂ ਸ਼ਾਮਿਲ ਹਨ। ਇਸ ਤੋਂ ਬਾਅਦ 2 ਮਈ ਨੂੰ ਚਾਰ ਰਾਜਾਂ ਸਮੇਤ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਚੋਣਾਂ ਦੇ ਨਤੀਜੇ ਆਉਣਗੇ। ਬੰਗਾਲ ਵਿੱਚ ਵੋਟਿੰਗ ਦਾ ਆਖਰੀ ਪੜਾਅ ਇਸ ਵੇਲੇ ਜਾਰੀ ਹੈ। ਚੋਣ ਕਮਿਸ਼ਨ ਦੇ ਅਨੁਸਾਰ ਸ਼ਾਮ 4 ਵਜੇ ਤੱਕ 68.46 ਫੀਸਦੀ ਵੋਟਿੰਗ ਹੋ ਚੁੱਕੀ ਹੈ।
ਪੱਛਮੀ ਬੰਗਾਲ ਦੇ ਵੋਟਿੰਗ ਦੇ ਆਖਰੀ ਪੜਾਅ ਵਿੱਚ ਵੀ ਹਿੰਸਾ ਦੀ ਖਬਰ ਮਿਲੀ ਹੈ। ਸਵੇਰੇ ਵੋਟਿੰਗ ਸ਼ੁਰੂ ਹੋਣ ਤੋਂ ਬਾਅਦ ਕੋਲਕਾਤਾ ਦੇ ਮਹਾਜਾਤੀ ਸਦਨ ਖੇਤਰ ਵਿੱਚ ਬੰਬ ਵੀ ਸੁੱਟੇ ਗਏ ਸਨ। ਰਾਹਤ ਵਾਲੀ ਗੱਲ ਇਹ ਸੀ ਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। ਇਸ ਤੋਂ ਬਾਅਦ ਇਲਾਕੇ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਚੋਣ ਕਮਿਸ਼ਨ ਨੇ ਵੀ ਇਸ ਘਟਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਮੰਗੀ ਹੈ।