Westbengal assembly passes resolution : ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੇ ਵਿਧਾਨ ਸਭਾ ਵਿੱਚ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਮਤਾ ਪਾਸ ਕੀਤਾ ਹੈ। ਇਸ ਤੋਂ ਪਹਿਲਾਂ ਪ੍ਰਸਤਾਵ ‘ਤੇ ਵਿਚਾਰ ਵਟਾਂਦਰੇ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਕੇਂਦਰ ਨੂੰ ਸਾਰੇ ਤਿੰਨ ਕਾਨੂੰਨਾਂ ਨੂੰ ਵਾਪਿਸ ਲੈਣਾ ਚਾਹੀਦਾ ਹੈ ਜਾਂ ਸੱਤਾ ਛੱਡ ਦੇਣੀ ਚਾਹੀਦੀ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪਾਰਥ ਚੈਟਰਜੀ ਦੇ ਸਦਨ ਦੇ ਪ੍ਰਸਤਾਵ ਤੋਂ ਬਾਅਦ ਅੱਜ ਵਿਧਾਨ ਸਭਾ ਵਿੱਚ ਭਾਰੀ ਹੰਗਾਮਾ ਹੋਇਆ। ਭਾਜਪਾ ਵਿਧਾਇਕ ਦਲ ਦੇ ਨੇਤਾ ਮਨੋਜ ਤਿੱਗਾ ਦੀ ਅਗਵਾਈ ਵਿੱਚ ਪਾਰਟੀ ਵਿਧਾਇਕਾਂ ਨੇ ਸਦਨ ਵਿੱਚ ਬੈਲ ਪਹੁੰਚੇ ਅਤੇ ਦਾਅਵਾ ਕੀਤਾ ਕਿ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਕਾਨੂੰਨਾਂ ਖ਼ਿਲਾਫ਼ ‘ਗੁੰਮਰਾਹਕੁੰਨ ਮੁਹਿੰਮ’ ਚਲਾ ਰਹੀ ਹੈ। ਬਾਅਦ ਵਿੱਚ ਭਾਜਪਾ ਵਿਧਾਇਕਾਂ ਨੇ ‘ਜੈ ਸ਼੍ਰੀ ਰਾਮ’ ਦਾ ਨਾਅਰਾ ਲਗਾਉਂਦੇ ਹੋਏ ਸਦਨ ਤੋਂ ਵਾਕਆਉਟ ਕਰ ਦਿੱਤਾ।
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, “ਅਸੀਂ ਕਿਸਾਨ ਵਿਰੋਧੀ ਕਾਨੂੰਨਾਂ ਦਾ ਵਿਰੋਧ ਕਰਦੇ ਹਾਂ। ਅਸੀਂ ਉਨ੍ਹਾਂ ਨੂੰ ਤੁਰੰਤ ਵਾਪਿਸ ਲੈਣ ਦੀ ਮੰਗ ਕਰਦੇ ਹਾਂ। ਕੇਂਦਰ ਨੂੰ ਜਾਂ ਤਾਂ ਸਾਰੇ ਤਿੰਨ ਕਾਨੂੰਨਾਂ ਨੂੰ ਵਾਪਿਸ ਲੈਣਾ ਚਾਹੀਦਾ ਹੈ ਜਾਂ ਸੱਤਾ ਤੋਂ ਪਿੱਛੇ ਹੱਟਣਾ ਚਾਹੀਦਾ ਹੈ।” ਦੱਸ ਦੇਈਏ ਕਿ ਇਸ ਤੋਂ ਪਹਿਲਾ ਪੰਜਾਬ, ਰਾਜਸਥਾਨ, ਛੱਤੀਸਗੜ, ਕੇਰਲ, ਦਿੱਲੀ ਅਤੇ ਪੁਡੂਚੇਰੀ ਦੀ ਸਰਕਾਰ ਨੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਮਤਾ ਪਾਸ ਕੀਤਾ ਹੈ।