ਚੰਡੀਗੜ੍ਹ : ਵਣ ਮਹੋਤਸਵ 2022 ਦੇ ਜਸ਼ਨਾਂ ਦੇ ਹਿੱਸੇ ਵਜੋਂ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਸੂਬਾ ਪੱਧਰੀ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਚੰਡੀਗੜ੍ਹ ਸਥਿਤ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਸਾਗਵਾਨ ਦਾ ਬੂਟਾ ਲਗਾਇਆ। ਹੈੱਡਕੁਆਰਟਰ ਵਿਖੇ ਪੰਜਾਬ ਪੁਲਿਸ ਦੇ ਵੈਲਫੇਅਰ ਵਿੰਗ ਵੱਲੋਂ ਵਣ ਮਹੋਤਸਵ ਮਨਾਉਣ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।
ਪੰਜਾਬ ਪੁਲਿਸ ਦੇ ਵੈਲਫੇਅਰ ਵਿੰਗ ਵੱਲੋਂ ਸ਼ੁਰੂ ਕੀਤੀ ਇਸ ਪੌਦੇ ਲਗਾਉਣ ਦੀ ਮੁਹਿੰਮ ਤਹਿਤ ਸਾਰੇ ਪੁਲਿਸ ਜ਼ਿਲ੍ਹਿਆਂ/ਯੂਨਿਟਾਂ ਵਿੱਚ ਮੌਲਸਰੀ, ਅਮਲਤਾਸ, ਟੀਕ, ਟਰਮੀਨਲੀਆ ਅਰਜੁਨਾ ਆਦਿ ਸਣੇ ਵੱਖ-ਵੱਖ ਕਿਸਮਾਂ ਦੇ ਲਗਭਗ 31000 ਪੌਦੇ ਲਗਾਏ ਜਾਣਗੇ। ਇਹ ਪੌਦੇ ਸੂਬੇ ਦੇ ਜੰਗਲਾਤ ਵਿਭਾਗ ਵੱਲੋਂ ਮੁਹੱਈਆ ਕਰਵਾਏ ਗਏ ਹਨ। ਡੀਜੀਪੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਵੱਲੋਂ ਪੌਦੇ ਲਗਾਉਣ ਦੀ ਇਸ ਵਿਆਪਕ ਮੁਹਿੰਮ ਦਾ ਆਯੋਜਨ ਕੀਤਾ ਗਿਆ, ਜਿਸ ਤਹਿਤ ‘ਰੁੱਖ ਲਗਾਓ, ਪੰਜਾਬ ਨੂੰ ਸਵਰਗ ਬਣਾਓ’ ਦੇ ਨਾਅਰੇ ਤਹਿਤ 31000 ਪੌਦੇ ਲਗਾਏ ਜਾਣਗੇ।
ਡੀਜੀਪੀ ਪੰਜਾਬ ਤੋਂ ਬਾਅਦ, ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਏਡੀਜੀਪੀ) ਜਿਨ੍ਹਾਂ ਵਿੱਚ ਸ਼ਸ਼ੀ ਪ੍ਰਭਾ, ਐੱਸ. ਕੇ. ਅਸਥਾਨਾ, ਅਰਪਿਤ ਸ਼ੁਕਲਾ, ਰਾਮ ਸਿੰਘ, ਐੱਸਐੱਸ ਸ੍ਰੀਵਾਸਤਵ, ਨਰੇਸ਼ ਅਰੋੜਾ, ਏਐਸ ਰਾਏ, ਬੀ ਚੰਦਰ ਸ਼ੇਖਰ, ਜੀ ਨਾਗੇਸ਼ਵਰ ਰਾਓ, ਅਨੀਤਾ ਪੁੰਜ ਅਤੇ ਐਮਐਫ ਫਾਰੂਕੀ ਸ਼ਾਮਲ ਹਨ, ਨੇ ਵੀ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ। DGP ਨੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਸਬੰਧਤ ਜ਼ਿਲ੍ਹਿਆਂ/ਯੂਨਿਟਾਂ ਵਿੱਚ ਲਗਾਏ ਗਏ ਸਾਰੇ ਰੁੱਖਾਂ ਅਤੇ ਪੌਦਿਆਂ ਦੀ ਸਹੀ ਦੇਖਭਾਲ ਨੂੰ ਯਕੀਨੀ ਬਣਾਉਣ।
28 ਪੁਲਿਸ ਜ਼ਿਲ੍ਹਿਆਂ ਦੇ ਸਾਰੇ ਸੀਪੀਜ਼/ਐਸਐਸਪੀਜ਼ ਤੋਂ ਇਲਾਵਾ ਰੇਲਵੇ, ਕਮਾਂਡੋ ਬਟਾਲੀਅਨ, ਪੀਏਪੀ ਬਟਾਲੀਅਨ, ਆਈਆਰਬੀ ਬਟਾਲੀਅਨ ਅਤੇ ਇੰਟੈਲੀਜੈਂਸ ਵਿੰਗ ਸਣੇ ਸਾਰੀਆਂ ਯੂਨਿਟਾਂ ਦੇ ਮੁਖੀਆਂ ਨੇ ਵੀ ਆਪਣੇ ਸਬੰਧਤ ਜ਼ਿਲ੍ਹਿਆਂ ਵਿੱਚ ਪੌਦੇ ਲਗਾ ਕੇ ਡੀਜੀਪੀ ਨਾਲ ਇਸ ਮੁਹਿੰਮ ਵਿੱਚ ਸ਼ਮੂਲੀਅਤ ਕੀਤੀ।
ਵੀਡੀਓ ਲਈ ਕਲਿੱਕ ਕਰੋ -: