ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਤਰਾਖੰਡ ਦੇ ਰੁਦਰਪ੍ਰਯਾਗ ਵਿਚ ਹੋਏ ਸੜਕ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਪੀਐੱਮ ਨੇ ਕਿਹਾ ਕਿ ਉਤਰਾਖੰਡ ਵਿਚ ਸੜਕ ਹਾਦਸੇ ਦੀ ਖਬਰ ਬਹੁਤ ਦੁਖਦਾਈ ਹੈ। ਇਸ ਵਿਚ ਆਪਣਿਆਂ ਨੂੰ ਗੁਆਉਣ ਵਾਲੇ ਪਰਿਵਾਰ ਵਾਲਿਆਂ ਨਾਲ ਮੇਰੀ ਡੂੰਘੀ ਹਮਦਰਦੀ ਹੈ। ਨਾਲ ਹੀ ਮੈਂ ਸਾਰੇ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਸੂਬਾ ਸਰਕਾਰ ਦੀ ਦੇਖ-ਰੇਖ ਵਿਚ ਸਥਾਨਕ ਪ੍ਰਸ਼ਾਸਨ ਪੀੜਤਾਂ ਦੀ ਹਰ ਸੰਭਵ ਮਦਦ ਵਿਚ ਲੱਗਾ ਹੋਇਆ ਹੈ। PM ਮੋਦੀ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ ਤੇ ਨਾਲ ਹੀ ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।
ਇਸ ਤੋਂ ਇਲਾਵਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਉਤਰਾਖੰਡ ਵਿਚ ਹੋਈ ਸੜਕ ਦੁਰਘਟਨਾ ਵਿਚ ਲੋਕਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਤੇ ਜ਼ਖਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ। ਉਤਰਾਖੰਡ ਵਿਚ ਬਦਰੀਨਾਥ ਰਾਸ਼ਟਰੀ ਰਾਜਮਾਰਗ ‘ਤੇ ਅੱਜ ਸਵੇਰੇ ਇਕ ਟੈਂਪੂ ਟ੍ਰੈਵਲ ਦੇ ਸੜਕ ਤੋਂ ਫਿਸਲ ਕੇ ਅਲਕਨੰਦਾ ਨਦੀ ਵਿਚ ਡਿੱਗ ਜਾਣ ਨਾਲ 10 ਸੈਲਾਨੀਆਂ ਦੀ ਮੌਤ ਹੋ ਗਈ ਜਦੋਂ ਕਿ 13 ਜ਼ਖਮੀ ਹੋ ਗਏ। ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਰੁਦਰਪ੍ਰਯਾਗ, ਉਤਰਾਖੰਡ ਵਿਚ ਇਕ ਸੜਕ ਦੁਰਘਟਨਾ ਵਿਚ ਕਈ ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਦੁਖਦ ਹੈ। ਮੈਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨਾਲ ਹਮਦਰਦੀ ਪ੍ਰਗਟ ਕਰਦੀ ਹਾਂ ਤੇ ਜ਼ਖਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦੀ ਹਾਂ।
ਵੀਡੀਓ ਲਈ ਕਲਿੱਕ ਕਰੋ -: