ਪੰਜਾਬ ‘ਚ ਲੋਕ ਸਭਾ ਚੋਣਾਂ ਦੌਰਾਨ ਵੋਟਾਂ ਪੈਣ ‘ਚ ਬਹੁਤ ਘੱਟ ਸਮਾਂ ਬਚਿਆ ਹੈ। ਇਸ ਤੋਂ ਪਹਿਲਾਂ ਭਾਜਪਾ ਨੇ ਵੱਡੇ ਨੇਤਾਵਾਂ ਨੂੰ ਚੋਣ ਪ੍ਰਚਾਰ ਲਈ ਉਤਾਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਨਿਤਿਨ ਗਡਕਰੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਦੇ ਨਾਂ ਮੁੱਖ ਤੌਰ ‘ਤੇ ਸ਼ਾਮਲ ਹਨ ਪਰ ਭਾਜਪਾ ਉਕਤ ਆਗੂਆਂ ਦੀਆਂ ਰੈਲੀਆਂ ਦੌਰਾਨ ਕਿਸਾਨਾਂ ਦੇ ਵਿਰੋਧ ਤੋਂ ਡਰਦੀ ਹੈ।
ਭਾਵੇਂ ਕਿਸਾਨਾਂ ਦੇ ਲੰਮੇ ਸੰਘਰਸ਼ ਤੋਂ ਬਾਅਦ PM ਮੋਦੀ ਨੇ 3 ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ ਪਰ ਭਾਜਪਾ ਪ੍ਰਤੀ ਕਿਸਾਨਾਂ ਦਾ ਗੁੱਸਾ ਘੱਟ ਨਹੀਂ ਹੋਇਆ, ਜਿਸ ਦਾ ਸੰਕੇਤ ਕਾਂਗਰਸ ਸਰਕਾਰ ਵੇਲੇ ਪੰਜਾਬ ‘ਚ ਆਏ ਮੋਦੀ ਦਾ ਰਸਤਾ ਰੋਕਣਾ ਹੈ।
ਹੁਣ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਿਸਾਨਾਂ ਨੇ ਮੁੜ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਇਸ ਦੌਰਾਨ ਕਿਸਾਨਾਂ ਨੂੰ ਦਿੱਲੀ ਵੱਲ ਜਾਣ ਤੋਂ ਰੋਕਣ ਦੇ ਮੁੱਦੇ ‘ਤੇ ਹਰਿਆਣਾ ‘ਚ ਕੇਂਦਰ ਸਰਕਾਰ ਨਾਲ ਟਕਰਾਅ ਵਧ ਗਿਆ ਹੈ, ਜਿਸ ਕਾਰਨ ਲੋਕ ਸਭਾ ਚੋਣਾਂ ਦੌਰਾਨ ਪਿੰਡਾਂ ‘ਚ ਜਾ ਰਹੇ ਭਾਜਪਾ ਉਮੀਦਵਾਰਾਂ ਨੂੰ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਮੱਦੇਨਜ਼ਰ ਅਕਾਲੀ ਦਲ ਨੇ ਭਾਜਪਾ ਨਾਲ ਗਠਜੋੜ ਨਾ ਕਰਨ ਦਾ ਫੈਸਲਾ ਕੀਤਾ ਹੈ। ਹੁਣ ਕਿਸਾਨ ਮੋਦੀ ਜਾਂ ਭਾਜਪਾ ਦੇ ਕਿਸੇ ਹੋਰ ਵੱਡੇ ਨੇਤਾ ਦੀਆਂ ਰੈਲੀਆਂ ਦੌਰਾਨ ਵਿਰੋਧ ਪ੍ਰਦਰਸ਼ਨ ਕਰਨ ਦੀ ਵੀ ਯੋਜਨਾ ਬਣਾ ਰਹੇ ਹਨ। ਦੂਜੇ ਪਾਸੇ ਇਸ ਚਿਤਾਵਨੀ ਨੂੰ ਮੁੱਖ ਰੱਖਦਿਆਂ ਭਾਜਪਾ ਵੱਲੋਂ ਵੀ ਰਣਨੀਤੀ ਬਣਾਈ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਪਿੰਡਾਂ ‘ਚ ਧਰਨਿਆਂ ਕਾਰਨ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ PM ਮੋਦੀ ਪੰਜਾਬ ਆਉਣ ਤੋਂ ਪਹਿਲਾਂ ਕਿਸਾਨਾਂ ਨੂੰ ਰਾਹਤ ਦੇਣ ਸਬੰਧੀ ਵੱਡੇ ਐਲਾਨ ਕਰ ਸਕਦੇ ਹਨ।
ਇਹ ਵੀ ਪੜ੍ਹੋ : ਵੋਟਾਂ ਤੋਂ ਪਹਿਲਾਂ ਰਾਮ ਰਹੀਮ ਨੇ ਫੇਰ ਮੰਗੀ ਪੈਰੋਲ-ਫਰਲੋ, ਕਿਹਾ- ‘ਮੈਂ ਜੇਲ੍ਹੋਂ ਬਾਹਰ ਆਉਣ ਦਾ ਹੱਕਦਾਰ’
ਲੋਕ ਸਭਾ ਚੋਣਾਂ ਦੌਰਾਨ ਮੋਦੀ ਜਾਂ ਹੋਰ ਕੇਂਦਰੀ ਮੰਤਰੀਆਂ ਤੋਂ ਇਲਾਵਾ ਪੰਜਾਬ ‘ਚ ਹੋਰਨਾਂ ਸੂਬਿਆਂ ਦੇ ਨੇਤਾਵਾਂ ਦਾ ਇਕੱਠ ਵੀ ਦੇਖਣ ਨੂੰ ਮਿਲੇਗਾ, ਜਿਸ ‘ਚ ਸਭ ਤੋਂ ਵੱਡਾ ਕ੍ਰੇਜ਼ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਹੈ, ਜਿਨ੍ਹਾਂ ਨੇ ਇੱਥੇ ਰੈਲੀਆਂ ਕਰਨ ਦਾ ਪ੍ਰੋਗਰਾਮ ਬਣਾਇਆ ਹੈ। ਪੰਜਾਬ ਵਿੱਚ 3 ਥਾਵਾਂ ‘ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਭੇਜਿਆ ਹੈ। ਇਸ ਤੋਂ ਪਹਿਲਾਂ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ, ਰਾਜਸਥਾਨ ਤੋਂ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਕੈਲਾਸ਼ ਚੌਧਰੀ ਕਈ ਦਿਨਾਂ ਤੋਂ ਪੰਜਾਬ ਵਿੱਚ ਡੇਰੇ ਲਾਈ ਬੈਠੇ ਹਨ।
ਇਸ ਤੋਂ ਇਲਾਵਾ ਆਸਾਮ ਦੇ ਮੁੱਖ ਮੰਤਰੀ ਹੇਮੰਤ ਵਿਸ਼ਵ ਸਰਮਾ ਪਟਿਆਲਾ ਤੋਂ ਪ੍ਰਨੀਤ ਕੌਰ ਦੇ ਨਾਮਜ਼ਦਗੀ ਪੱਤਰ ਭਰਨ ਮੌਕੇ ਪੁੱਜੇ ਹੋਏ ਸਨ। ਹੁਣ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਪੰਜਾਬ ਵਿੱਚ ਵਸਦੇ ਰਾਜਸਥਾਨ ਦੇ ਲੋਕਾਂ ਦੀ ਮਦਦ ਲਈ ਆ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਵੀ ਇਸੇ ਮਕਸਦ ਲਈ ਪੰਜਾਬ ਦਾ ਦੌਰਾ ਕਰਨ ਵਾਲੇ ਹਨ।
ਵੀਡੀਓ ਲਈ ਕਲਿੱਕ ਕਰੋ -: