ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਹਲਕਾ ਸਾਹਨੇਵਾਲ ਦੇ ਪਿੰਡ ਚੌਂਤਾ ‘ਚ ਐਤਵਾਰ ਨੂੰ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ। ਜਿਸ ਦੀ ਲਾਸ਼ ਸਰਕਾਰੀ ਸਕੂਲ ਦੇ ਬਾਹਰ ਮਿਲੀ ਸੀ। ਇਸ ਘਟਨਾ ‘ਤੋਂ ਬਾਅਦ ਪਿੰਡ ਵਾਸੀਆਂ ਨੇ ਸਥਾਨਕ ਵਿਧਾਇਕ ਹਰਦੀਪ ਸਿੰਘ ਮੁੰਡੀਆ ਅਤੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਸੀ। ਇਸ ਤੋਂ ਬਾਅਦ ਜ਼ਿਲ੍ਹਾ ਪੁਲਿਸ ਨੇ ਹਰਕਤ ਵਿੱਚ ਆਉਂਦਿਆਂ 4 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ।
ਲੋਕਾਂ ਨੇ ਦੋਸ਼ ਲਾਇਆ ਕਿ ਪਿੰਡ ਵਿੱਚ ਖੁੱਲ੍ਹੇਆਮ ਨਸ਼ਾ ਵਿਕਦਾ ਹੈ। ਜਿਸ ‘ਤੋਂ ਬਾਅਦ ਲੋਕਾਂ ਨੇ ਨਾਅਰੇਬਾਜ਼ੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪਿੰਡ ਚੌਂਤਾ ਵਿੱਚ ਨਸ਼ਾ ਤਸਕਰਾਂ ਦਾ ਵਿਰੋਧ ਕਰ ਰਹੇ ਲੋਕਾਂ ਦੀ ਇਸੇ ਭੀੜ ਵਿੱਚ ਨਸ਼ਾ ਤਸਕਰਾਂ ਦੇ ਕੁਝ ਸਾਥੀ ਵੀ ਛੁਪੇ ਹੋਏ ਸਨ, ਜੋ ਬਾਅਦ ਵਿੱਚ ਪੁਲਿਸ ਕੋਲ ਸਿਫ਼ਾਰਸ਼ਾਂ ਲੈ ਕੇ ਆਏ ਸਨ। ਪਰ ਪੁਲਿਸ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹ ਗਲਤ ਲੋਕਾਂ ਦੀ ਵਕਾਲਤ ਕਰਦੇ ਹਨ ਤਾਂ ਉਨ੍ਹਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।
ਸੰਯੁਕਤ ਕਮਿਸ਼ਨਰ ਰਵਚਰਨ ਸਿੰਘ ਬਰਾੜ ਅਤੇ ADCP ਤੁਸ਼ਾਰ ਗੁਪਤਾ ਨੇ ਦੱਸਿਆ ਕਿ ਮ੍ਰਿਤਕ ਬੀਸਾ ਸਿੰਘ ਵਾਸੀ ਪਿੰਡ ਢੋਲਣਵਾਲ ਨਸ਼ੀਲਾ ਚਿਟਾ ਖਰੀਦਦਾ ਸੀ, ਜਿਸ ਦੀ ਵਰਤੋਂ ਕਰਦਿਆਂ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੇ ਭਰਾ ਚੰਦ ਸਿੰਘ ਪਿੰਡ ਢੋਲਣਵਾਲ ਦੀ ਸ਼ਿਕਾਇਤ ’ਤੇ ਮੁਲਜ਼ਮ ਮੁਖਤਿਆਰ ਸਿੰਘ, ਸੁਰਜੀਤ ਸਿੰਘ ਵਾਸੀ ਪਿੰਡ ਚੌਂਤਾ, ਹਰਜੋਤ ਸਿੰਘ ਜੋਤੀ ਵਾਸੀ ਪਿੰਡ ਚੌਂਤਾ ਅਤੇ ਸੋਨੂੰ ਵਾਸੀ ਪਿੰਡ ਸਲੇਮਪੁਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ‘RRR’ ਦੇ ‘ਨਾਟੂ ਨਾਟੂ’ ਨੇ ਆਸਕਰ ‘ਚ ਰਚਿਆ ਇਤਿਹਾਸ, Best Original Song ਸ਼੍ਰੇਣੀ ‘ਚ ਜਿੱਤਿਆ ਐਵਾਰਡ
ਅਧਿਕਾਰੀਆਂ ਅਨੁਸਾਰ ਸਾਰੇ ਮੁਲਜ਼ਮ ਨਸ਼ਾ ਵੇਚਣ ਦਾ ਕੰਮ ਕਰਦੇ ਹਨ। ਮੁਲਜ਼ਮ ਮੁਖਤਿਆਰ ਸਿੰਘ ‘ਤੇ 2, ਸੁਰਜੀਤ ਸਿੰਘ ‘ਤੇ 3, ਹਰਜੋਤ ਸਿੰਘ ਜੋਤੀ ‘ਤੇ 2 ਅਤੇ ਸੋਨੂੰ ‘ਤੇ 2 ਮਾਮਲੇ ਦਰਜ ਹਨ। ਪੁਲਿਸ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਵੇਗੀ। ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਦੋਸ਼ੀ ਪਿੰਡ ਦੇ ਕਿਹੜੇ-ਕਿਹੜੇ ਨੌਜਵਾਨਾਂ ਨੂੰ ਨਸ਼ਾ ਖਰੀਦ ਕੇ ਸਪਲਾਈ ਕਰਦੇ ਸਨ।
ਵੀਡੀਓ ਲਈ ਕਲਿੱਕ ਕਰੋ -: