ਜਲੰਧਰ ਵਿੱਚ ਐਤਵਾਰ ਨੂੰ ਪੁਲਿਸ ਨੇ ਸ਼ਹਿਰ ਦੇ ਹੋਟਲ-ਰੈਸਟੋਰੈਂਟਾਂ ਅਤੇ ਬਾਰਾਂ ਵਿੱਚ ਅਚਾਨਕ ਚੈਕਿੰਗ ਕੀਤੀ। ਇਸ ਦੌਰਾਨ ਸਿਵਲ ਪ੍ਰਸ਼ਾਸਨ ਦੀ ਟੀਮ ਦੇ ਨਾਲ ਮਾਸਕ ਪਹਿਨਣ ਦੀਆਂ ਸਾਵਧਾਨੀਆਂ ਅਤੇ ਕੋਰੋਨਾ ਨਾਲ ਸਬੰਧਤ ਸਮਾਜਿਕ ਦੂਰੀ ਦੀ ਜਾਂਚ ਕੀਤੀ ਗਈ।
ਇਸ ਤੋਂ ਇਲਾਵਾ ਉਨ੍ਹਾਂ ਦੇ ਸਟਾਫ ਤੋਂ ਕੋਵਿਡ ਵੈਕਸੀਨ ਲਗਵਾਉਣ ਬਾਰੇ ਪੁੱਛਿਆ ਗਿਆ। ਡੀਜੀਪੀ ਦਿਨਕਰ ਗੁਪਤਾ ਦੇ ਜਾਂਚ ਕਰਨ ਦੇ ਹੁਕਮਾਂ ਤੋਂ ਬਾਅਦ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਹ ਸਾਰੇ ਕੋਵਿਡ ਦੇ ਸੁਪਰ ਸਪ੍ਰੈਡਰ ਕੈਟਾਗਰੀ ਵਿੱਚ ਆਉਂਦੇ ਹਨ। ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਵੀ ਪ੍ਰਸ਼ਾਸਨ ਅਤੇ ਸਿਹਤ ਟੀਮ ਦੀ ਸਹਾਇਤਾ ਨਾਲ ਚੈਕਿੰਗ ਕੀਤੀ ਜਾਏਗੀ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਸ਼ਹਿਰ ਵਿੱਚ 29 ਹੋਟਲ, ਰੈਸਟੋਰੈਂਟ, ਬਾਰ ਅਤੇ 2 ਆਈਲੈਟਸ ਸੈਂਟਰਾਂ ਦੀ ਜਾਂਚ ਕੀਤੀ ਗਈ। ਚੈਕਿੰਗ ਲਈ ਪੁਲਿਸ ਦੀਆਂ 10 ਸੰਯੁਕਤ ਟੀਮਾਂ ਦਾ ਗਠਨ ਕੀਤਾ ਗਿਆ ਸੀ। ਜਿਸਦੀ ਅਗਵਾਈ 5 ਅਧਿਕਾਰੀਆਂ ਨੂੰ ਸੌਂਪੀ ਗਈ ਸੀ। ਇਸ ਦੌਰਾਨ ਹੋਟਲ ਰਮਾਡਾ, ਰੈਡੀਸਨ, ਮਾਇਆ, ਬੈਸਟ ਪ੍ਰਾਈਸ, ਕੇਐਫਸੀ, ਬੈਸਟ ਵੈਸਟਰਨ, ਸਰੋਵਰ ਪੋਰਟਿਕੋ, ਮੈਕਡੋਨਲਡਸ, ਦੀ ਵੀ ਜਾਂਚ ਕੀਤੀ ਗਈ।
ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ‘ਚ ਲੋਕ ਇਨ੍ਹਾਂ ਸਾਰੀਆਂ ਥਾਵਾਂ ‘ਤੇ ਆਉਂਦੇ ਹਨ, ਇਸ ਲਈ ਕੋਰੋਨਾ ਮਹਾਮਾਰੀ ਦੇ ਖਤਰੇ ਦੇ ਮੱਦੇਨਜ਼ਰ ਇਥੇ ਸਖਤੀ ਵਰਤੀ ਜਾ ਰਹੀ ਹੈ। ਉਨ੍ਹਾਂ ਸਮੂਹ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਕਰਮਚਾਰੀਆਂ ਨੂੰ ਕੋਵਿਡ ਟੀਕਾ ਜ਼ਰੂਰ ਲਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਥੇ ਆਉਣ ਵਾਲੇ ਲੋਕਾਂ ਨੂੰ ਕੋਵਿਡ ਟੀਕਾ ਲਗਾਉਣ ਲਈ ਪ੍ਰੇਰਿਤ ਕੀਤਾ ਜਾਵੇ।
ਇਹ ਵੀ ਪੜ੍ਹੋ : ‘ਕੋਵਿਡ ਵੈਕਸੀਨ ਲਗਵਾਓ, ਛੋਲੇ-ਭਠੂਰੇ ਮੁਫਤ ਖਾਓ’, ਚੰਡੀਗੜ੍ਹ ‘ਚ ਵੇਂਡਰ ਦੇ ਜਜ਼ਬੇ ਦੇ ਗਵਰਨਰ ਵੀ ਹੋਏ ਮੁਰੀਦ
ਦੱਸਣਯੋਗ ਹੈ ਕਿ ਹਾਲ ਹੀ ਵਿੱਚ, ਪੰਜਾਬ ਸਰਕਾਰ ਨੇ ਹੋਟਲ, ਰੈਸਟੋਰੈਂਟ, ਬਾਰ ਅਤੇ ਕੋਚਿੰਗ ਸੈਂਟਰ ਆਦਿ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਹਾਲਾਂਕਿ, ਇਸ ਵਿਚ ਇਕ ਸ਼ਰਤ ਰੱਖੀ ਗਈ ਹੈ ਕਿ ਉਨ੍ਹਾਂ ਦੇ ਸਟਾਫ ਅਤੇ ਗਾਹਕਾਂ ਯਾਨੀ ਮਹਿਮਾਨਾਂ ਨੂੰ ਕੋਵਿਡ ਟੀਕੇ ਦੀ ਘੱਟੋ-ਘੱਟ ਇਕ ਖੁਰਾਕ ਲੱਗੀ ਹੋਣਾ ਲਾਜ਼ਮੀ ਹੈ। ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਦੇ ਮੱਦੇਨਜ਼ਰ ਇਹ ਸਖਤੀ ਵਰਤੀ ਜਾ ਰਹੀ ਹੈ ਤਾਂ ਜੋ ਕੋਰੋਨਾ ਮਹਾਂਮਾਰੀ ਇਨ੍ਹਾਂ ਥਾਵਾਂ ਤੋਂ ਨਾ ਫੈਲ ਜਾਵੇ।