ਕਿਸਾਨ ਜਥੇਬੰਦੀਆਂ ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਦੇ ਸੱਦੇ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੇ 10ਵੀਂ-12ਵੀਂ ਵਿਦਿਆਰਥੀ ਦੁਚਿੱਤੀ ਵਿੱਚ ਹਨ ਕਿ ਭਲਕੇ ਦਾ ਪੇਪਰ ਹੋਵੇਗਾ ਜਾਂ ਨਹੀਂ। ਬੋਰਡ ਨੇ ਇਸ ਦਾ ਜਵਾਬ ਦੇ ਦਿੱਤਾ ਹੈ। ਭਲਕੇ ਦਾ ਪੇਪਰ ਕੈਂਸਲ ਨਹੀਂ ਕੀਤਾ ਗਿਆ, ਬਲਕਿ ਵੀਰਵਾਰ ਨੂੰ 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। PSEB ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪ੍ਰੀਖਿਆ ਦੇ ਤੈਅ ਸਮੇਂ ਤੋਂ ਲਗਭਗ 1 ਘੰਟਾ ਪਹਿਲਾਂ ਕੇਂਦਰਾਂ ‘ਤੇ ਪਹੁੰਚਣ ਦੀ ਸਲਾਹ ਦਿੱਤੀ ਹੈ। ਬੋਰਡ ਨੇ ਸਪੱਸ਼ਟ ਕੀਤਾ ਕਿ ਪੇਪਰ ਤੈਅ ਸਮੇਂ ਮੁਤਾਬਕ ਹੀ ਹੋਣਗੇ।
PSEB ਵੱਲੋਂ ਵੀਰਵਾਰ ਨੂੰ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ 10ਵੀਂ ਅਤੇ 12ਵੀਂ ਜਮਾਤ ਦੇ ਬੋਰਡ ਦੇ ਪੇਪਰ 13 ਫਰਵਰੀ ਤੋਂ ਸ਼ੁਰੂ ਹੋ ਗਏ ਹਨ। 16 ਫਰਵਰੀ ਨੂੰ ਭਾਰਤ ਬੰਦ ਦੇ ਸੱਦੇ ਦੇ ਮੱਦੇਨਜ਼ਰ ਉਮੀਦਵਾਰਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪੇਪਰ ਸ਼ੁਰੂ ਹੋਣ ਤੋਂ ਘੱਟੋ-ਘੱਟ 1 ਘੰਟਾ ਪਹਿਲਾਂ ਆਪਣੇ ਸਬੰਧਤ ਪ੍ਰੀਖਿਆ ਕੇਂਦਰਾਂ ‘ਤੇ ਪਹੁੰਚਣ ਤਾਂ ਜੋ ਆਵਾਜਾਈ ਪ੍ਰਭਾਵਿਤ ਹੋਣ ‘ਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਭਾਰਤ ਬੰਦ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਦਾ ਕਿਸਾਨਾਂ ਦੇ ਭਾਰਤ ਬੰਦ ਨੂੰ ਸਮਰਥਨ, ਸਿੱਖ ਸੰਸਥਾ ਦੇ ਦਫਤਰ ਦੇ ਵਿੱਦਿਅਕ ਅਦਾਰੇ ਭਲਕੇ ਰਹਿਣਗੇ ਬੰਦ
ਬੋਰਡ ਨੇ ਐਡਵਾਈਜ਼ਰੀ ‘ਚ ਕਿਹਾ ਹੈ ਕਿ ਭਾਰਤ ਬੰਦ ਕਾਰਨ ਬੋਰਡ ਪ੍ਰੀਖਿਆਵਾਂ ਦੇ ਸਮੇਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਪੇਪਰ ਨਿਰਧਾਰਿਤ ਸਮੇਂ ਅਨੁਸਾਰ ਸਵੇਰੇ 11 ਵਜੇ ਸ਼ੁਰੂ ਹੋਵੇਗਾ ਅਤੇ ਦੁਪਹਿਰ 2.15 ਵਜੇ ਤੱਕ ਚੱਲੇਗਾ। ਇਮਤਿਹਾਨ ਵਿੱਚ ਪ੍ਰਸ਼ਨ ਪੱਤਰ ਪੜ੍ਹਨ ਲਈ ਪਹਿਲਾਂ 15 ਮਿੰਟ ਦਿੱਤੇ ਜਾਣਗੇ ਇਸ ਲਈ ਵਿਦਿਆਰਥੀ 10 ਵਜੇ ਤੱਕ ਪ੍ਰੀਖਿਆ ਕੇਂਦਰ ਵਿੱਚ ਪਹੁੰਚਣ ਦਾ ਟੀਚਾ ਲੈ ਕੇ ਘਰਾਂ ਤੋਂ ਨਿਕਲਣ ਤਾਂ ਜੋ ਰਸਤੇ ਵਿੱਚ ਜੇਕਰ ਕੋਈ ਮੁਸ਼ਕਿਲ ਪੇਸ਼ ਆਵੇ ਤਾਂ ਉਹ ਪ੍ਰੀਖਿਆ ਕੇਂਦਰਾਂ ‘ਤੇ ਸਮੇਂ ਸਿਰ ਪਹੁੰਚ ਸਕਦੇ ਹਨ।