ਪੰਜਾਬ ਸਰਕਾਰ ਖਿਲਾਫ਼ ਮੈਦਾਨ ਵਿੱਚ ਉਤਰੇ ਪੰਜਾਬ ਰੋਡਵੇਜ਼,ਪਨਬੱਸ, ਪੀਆਰਟੀਸੀ ਕੰਟਰੈਕਟਰ ਵਰਕਰਜ਼ ਯੂਨੀਅਨ ਦੇ ਆਗੂ ਲਗਾਤਾਰ 9 ਦਿਨਾਂ ਤੋਂ ਆਪਣੀਆਂ ਮੰਗਾਂ ਮਨਾਉਣ ਲਈ ਹੜਤਾਲ ‘ਤੇ ਉਤਰੇ ਹੋਏ ਸਨ। ਉੱਥੇ ਹੀ ਉਹਨਾਂ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਹਨ। ਜਿਸ ਤੋਂ ਬਾਅਦ ਉਨ੍ਹਾਂ ਕੰਮ ’ਤੇ ਆਉਣ ਦਾ ਫੈਸਲਾ ਕੀਤਾ ਹੈ।
ਜਥੇਬੰਦੀ ਦਾ ਕਹਿਣਾ ਹੈ ਕਿ ਇਸ ਹੜਤਾਲ ਕਾਰਨ ਸਵਾਰੀਆਂ ਨੂੰ ਹੋਈ ਭਾਰੀ ਪ੍ਰੇਸ਼ਾਨੀ ਲਈ ਪੰਜਾਬ ਸਰਕਾਰ ਮੁੱਖ ਰੂਪ ਵਿੱਚ ਜ਼ਿੰਮੇਵਾਰ ਹੈ। ਜਥੇਬੰਦੀ ਦੇ ਆਗੂ ਗੁਰਪ੍ਰੀਤ ਸਿੰਘ ਝੁਨੀਰ, ਸੰਦੀਪ ਸਿੰਘ ਗਰੇਵਾਲਾ, ਕੁਲਦੀਪ ਸਿੰਘ ਮੌੜ ਅਤੇ ਗੁਰਵਿੰਦਰ ਸਿੰਘ ਪ੍ਰਚੰਡਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਦਾ ਘਿਰਾਓ ਕਰਨ ਦੌਰਾਨ ਹੋਏ ਪੰਜਾਬ ਸਰਕਾਰ ਨਾਲ ਸਮਝੌਤੇ ਤੋਂ ਬਾਅਦ ਦੱਸਿਆ ਕਿ ਹੁਣ ਮਾਲਵਾ ਖੇਤਰ ਦੇ ਪੇਂਡੂ ਅਤੇ ਸ਼ਹਿਰੀ ਰੂਟਾਂ ’ਤੇ ਭਲਕੇ ਸਾਰੀਆਂ ਬੱਸਾਂ ਲੋਕ ਸੇਵਾ ਲਈ ਬਕਾਇਦਾ ਚੱਲਣਗੀਆਂ। ਉਨ੍ਹਾਂ ਕਿਹਾ ਕਿ ਡਰਾਈਵਰਾਂ-ਕੰਡਕਟਰਾਂ ਦਾ ਮੂੰਹ ਮਿੱਠਾ ਕਰਵਾ ਕੇ ਬੱਸਾਂ ਨੂੰ ਸਵੇਰੇ ਵੱਡੇ ਤੜਕੇ ਤੋਂ ਚਲਾਇਆ ਜਾਵੇਗਾ।
ਦੱਸ ਦਈਏ ਕਿ ਪੰਜਾਬ ਰੋਡਵੇਜ਼ ਪਨਬੱਸ/ਪੀ. ਆਰ. ਟੀ. ਸੀ. ਦੇ ਕੰਟਰੈਕਟ ਵਰਕਰਜ਼ ਯੂਨੀਅਨ ਯਾਨੀ ਕਿ ਠੇਕਾ ਮੁਲਾਜ਼ਮਾਂ ਨੇ 3 ਦਸੰਬਰ ਨੂੰ ਸਵੇਰੇ 10 ਤੋਂ 12 ਵਜੇ ਤੱਕ ਯਾਨੀ 2 ਘੰਟੇ ਲਈ ਪੰਜਾਬ ਦੇ ਸਾਰੇ ਬੱਸ ਸਟੈਂਡ ਅਤੇ ਬੱਸਾਂ ਬੰਦ ਰੱਖਣ ਅਤੇ 7 ਦਸੰਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦਾ ਐਲਾਨ ਕੀਤਾ ਸੀ। ਠੇਕਾ ਮੁਲਾਜ਼ਮਾਂ ਨੇ ਕਿਹਾ ਸੀ ਕਿ ਉਨ੍ਹਾਂ ਵੱਲੋਂ ਸਰਕਾਰ ਵਿਰੁੱਧ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਯੂਨੀਅਨ ਨੇ ਸਪੱਸ਼ਟ ਕੀਤਾ ਸੀ ਕਿ ਜਦੋਂ ਤੱਕ ਸਰਕਾਰ ਇਸ ਬਾਰੇ ਕੋਈ ਫੈਸਲਾ ਨਹੀਂ ਲੈਂਦੀ ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਹੜਤਾਲ ਦੀ ਤਿਆਰੀ ਲਈ ਸ਼ਨੀਵਾਰ ਅਤੇ ਐਤਵਾਰ ਨੂੰ ਪੂਰੇ ਪੰਜਾਬ ਦੇ ਸਾਰੇ ਡਿਪੂਆਂ ਵਿੱਚ ਤਿਆਰੀ ਮੀਟਿੰਗਾਂ ਵੀ ਕੀਤੀਆਂ ਗਈਆਂ ਸਨ।