ਹਾਲ ਹੀ ਵਿਚ ਹੁਸ਼ਿਆਰਪੁਰ ਵਿਚ ਹੋਏ ਗੈਸ ਟਰੱਕ ਬਲਾਸਟ ਮਾਮਲੇ ਵਿਚ ਇੱਕ ਹੋਰ CCTV ਫੁਟੇਜ ਸਾਹਮਣੇ ਆਈ ਹੈ, ਜਿਸ ਵਿਚ ਹਾਦਸੇ ਦਾ ਖੌਫਨਾਕ ਮੰਜ਼ਰ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਸਕਿੰਟਾਂ ਵਿਚ ਹੀ ਫੈਲੀ ਗੈਸ ਨਾਲ ਇੱਕ ਘਰ ਵਿਚ ਅੱਗ ਦੇ ਭਾਂਬੜ ਮਚ ਗਏ ਤੇ ਘਰ ਦੇ ਲੋਕਾਂ ਨੂੰ ਭੱਜਣ ਦਾ ਮੌਕਾ ਤੱਕ ਨਹੀਂ ਮਿਲਿਆ। ਇਹ ਸੀਸੀਟੀਵੀ ਉਸੇ ਇਲਾਕੇ ਦੇ ਇੱਕ ਘਰ ਦੀ ਹੈ।

ਸਾਹਮਣੇ ਆਈ ਫੁਟੇਜ ਵਿਚ ਵੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਬਲਾਸਟ ਦੀ ਆਵਾਜ਼ ਆਉਂਦੀ ਹੈ ਤਾਂ ਘਰ ਵਿਚ ਮੌਜੂਦ ਲੋਕ ਬਲਾਸਟ ਦੀ ਆਵਾਜ਼ ਸੁਣ ਕੇ ਆਪਣੇ ਘਰ ਦੇ ਵਿਹੜੇ ਵਿਚ ਆਉਂਦੇ ਹਨ ਤੇ ਗੇਟ ਵਿਚੋਂ ਦੀ ਵੇਖਣ ਦੀ ਕੋਸ਼ਿਸ਼ ਕਰਦੇ ਹਨ ਕਿ ਆਵਾਜ਼ ਕਿੱਥੋਂ ਆਈ। ਇੰਨੇ ਵਿਚ ਹੀ ਗੈਸ ਦੀ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਲੋਕ ਆਪਣੇ ਕਮਰਿਆਂ ਵੱਲ ਨੂੰ ਅੰਦਰ ਭੱਜਦੇ ਹਨ।

ਇਸ ਦੌਰਾਨ ਉਨ੍ਹਾਂ ਨੂੰ ਜਾਨ ਬਚਾਉਣ ਦਾ ਮੌਕਾ ਵੀ ਨਹੀਂ ਮਿਲਦਾ। ਇੰਨੇ ਨੂੰ ਜ਼ੋਰਦਾਰ ਧਮਾਕਾ ਹੁੰਦਾ ਹੈ ਤੇ ਲੋਹੇ ਦਾ ਗੇਟ ਧਮਾਕੇ ਨਾਲ ਖੁੱਲ੍ਹ ਜਾਂਦਾ ਹੈ ਤੇ ਚੰਗਿਆੜੇ ਘਰ ਦੇ ਅੰਦਰ ਆਉਂਦੇ ਹਨ। ਸਕਿੰਟਾਂ ਵਿਚ ਹੀ ਬਹੁਤ ਸਾਰੀ ਗੈਸ ਅੰਦਰ ਆਉਂਦੀ ਹੈ ਤੇ ਅੱਗ ਦੇ ਭਾਂਬੜ ਮਚ ਜਾਂਦਾ ਹੈ।

ਦੱਸ ਦੇਈਏ ਕਿ ਹੁਸ਼ਿਆਰਪੁਰ ਦੇ ਪਿੰਡ ਮੰਡਿਆਲਾ ਵਿੱਚ ਬੀਤੇ ਸ਼ੁਕਰਵਾਰ ਰਾਤ ਐਲਪੀਜੀ ਗੈਸ ਦੇ ਟੈਂਕਰ ਨਾਲ ਹੋਏ ਦੁਰਘਟਨਾ ਵਿੱਚ ਕਈ ਲੋਕ ਅੱਗ ਵਿੱਚ ਝੁਲਸ ਗਏ ਸਨ। ਇਸ ਹਾਦਸੇ ਕਈ ਘਰ ਤਬਾਹ ਹੋ ਗਏ ਕਿਉਂਕਿ ਉਸ ਵੇਲੇ ਲੋਕ ਆਪਣੇ ਘਰਾਂ ਵਿਚ ਸੁੱਤੇ ਹੋਏ ਸਨ, ਜਿਸ ਕਰਕੇ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ ਤੇ 50 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਸ ਹਾਦਸੇ ਦੀ ਲਪੇਟ ਵਿਚ ਕਈ ਘਰ ਤੇ ਦੁਕਾਨਾਂ ਆ ਗਈਆਂ।
ਇਹ ਵੀ ਪੜ੍ਹੋ : ‘ਇਹ ਬੇਚਾਰਗੀ ਦੇਖਣੀ ਬੜੀ ਔਖੀ…’, ਗਾਇਕ ਸਤਿੰਦਰ ਸਰਤਾਜ ਨੇ ਹੜ੍ਹ ਪੀੜਤਾਂ ਲਈ ਕੀਤਾ ਮਦਦ ਦਾ ਐਲਾਨ
ਵੀਡੀਓ ਲਈ ਕਲਿੱਕ ਕਰੋ -:
























