ਗੁਰੂ ਜੀ ਦੇ ਨਾਲ ਉੱਚ-ਕੋਟੀ ਦੇ 2200 ਸਿੰਘ ਸੂਰਮੇ ਜਵਾਨਾਂ ਦੀ ਇਕ ਫੌਜੀ ਟੁਕੜੀ ਨਾਲ ਰਹਿੰਦੀ ਸੀ ਜੋ ਖਾਲਸਾ ਪੰਥ ਦਾ ਜੁਝਾਰੂ ਰੂਪ ਉਜਾਗਰ ਕਰਦੀ ਸੀ। ਪਰ ਉਹ ਲੜਾਈ ਝਗੜੇ ਤੋਂ ਸਦਾ ਦੂਰ ਰਹਿੰਦੇ ਸਨ। ਭਾਈ ਭਗਤੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਸੰਦ ਸੀ ਜੋ ਸਿੱਧੂ ਬਰਾੜਾਂ ਦਾ ਮੁਖੀਆ ਸੀ। ਭਾਈ ਭਗਤੂ ਦਾ ਪੁੱਤਰ ਭਾਈ ਗੋਰਾ ਸੀ।
ਗੁਰੂ ਹਰਿ ਰਾਇ ਸਾਹਿਬ ਜਦੋਂ ਮਾਲਵੇ ਦੇਸ਼ ਵਿਚ ਗਏ ਤਾਂ ਭਾਈ ਗੋਰੇ ਨੇ ਅਨੇਕ ਪਿੰਡਾਂ ਵਿਚ ਉਨ੍ਹਾਂ ਦੀ ਸੇਵਾ ਕਰਵਾਈ। ਭੁੱਖੜੀ ਪਿੰਡ ਵਿਚ ਗੁਰੂ ਜੀ ਦੇ ਚੌਰ-ਬਰਦਾਰ ਭਾਈ ਜੱਸੇ ਨਾਲ ਕਿਸੇ ਗੱਲਬਾਤ ਤੋਂ ਉਨ੍ਹਾਂ ਦੀ ਗੜਬੜ ਹੋ ਗਈ। ਭਾਈ ਗੋਰੇ ਨੇ ਆਪਣੇ ਆਦਮੀਆਂ ਤੋਂ ਭਾਈ ਜੱਸੇ ਦੀ ਹੱਤਿਆ ਕਰਵਾ ਦਿੱਤੀ। ਗੁਰੂ ਜੀ ਨੇ ਜਦੋਂ ਇਹ ਗੱਲ ਸੁਣੀ ਤਾਂ ਹੁਕਮ ਦਿੱਤਾ ਕਿ ਗੋਰਾ ਉਨ੍ਹਾਂ ਸਾਹਮਣੇ ਨਾ ਆਏ। ਭਾਈ ਗੋਰਾ ਗੁਰੂ ਸਾਹਿਬ ਦੀ ਵਹੀਰ ਤੋਂ ਕੁਝ ਦੂਰ ਉਨ੍ਹਾਂ ਨਾਲ ਰਹਿਣ ਲੱਗਾ। ਉਸ ਦੇ ਮਨ ਵਿੱਚ ਬਹੁਤ ਪਛਤਾਵਾ ਸੀ। ਉਹ ਗੁਰੂ ਜੀ ਤੋਂ ਭੁੱਲ ਬਖਸ਼ਾਉਣਾ ਚਾਹੁੰਦਾ ਸੀ।
ਇਕ ਦਿਨ ਗੁਰੂ ਜੀ ਕੀਰਤਪੁਰ ਸਾਹਿਬ ਤੋਂ ਕਰਤਾਰਪੁਰ ਵਿਖੇ ਜਾ ਰਹੇ ਸਨ ਤਾਂ ਗੁਰੂ ਜੀ ਦੇ ਡੋਲੇ ਅਤੇ ਹੋਰ ਸਾਜ-ਸਾਮਾਨ ਪਿੱਛੇ ਰਹਿ ਗਿਆ ਸੀ। ਮੁਹੰਮਦ ਯਾਰ ਖਾਂ, ਜੋ ਕਿ ਇੱਕ ਹਜ਼ਾਰ ਸਵਾਰ ਲੈ ਕੇ ਦਿੱਲੀ ਨੂੰ ਜਾ ਰਿਹਾ ਸੀ, ਨੇ ਜਦੋਂ ਇਹ ਸੁਣਿਆ ਕਿ ਇਹ ਡੋਲੇ ਦਾ ਸਾਮਾਨ ਗੁਰੂ ਹਰਿ ਰਾਇ ਜੀ ਦਾ ਹੈ ਤਾਂ ਉਸ ਦੇ ਮਨ ਵਿਚ ਆਪਣੇ ਪਿਤਾ ਮੁਖਲਸ ਖਾਂ ਦਾ ਵੈਰ ਲੈਣ ਦੀ ਭਾਵਨਾ ਜਾਗ ਪਈ। ਉਸ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਦੇ ਡੋਲੇ ਅਤੇ ਸਾਜ-ਸਾਮਾਨ ਸਭ ਲੁੱਟ ਲਵੋ। ਭਾਈ ਗੋਰਾ ਜੀ ਜੋ ਕਿ ਗੁਰੂ ਜੀ ਦੀਆਂ ਨਜ਼ਰਾਂ ਤੋਂ ਦੂਰ ਪਿੱਛੇ ਰਹਿੰਦਾ ਸੀ, ਉਹ ਆਪਣੇ ਜਵਾਨ ਲੈ ਕੇ ਮੌਕੇ ’ਤੇ ਪਹੁੰਚ ਗਿਆ। ਦੋਵਾਂ ਪਾਸਿਉਂ ਖੂਬ ਤੇਗ ਚੱਲੀ। ਸਿੱਖਾਂ ਨੇ ਮਾਰ-ਮਾਰ ਕੇ ਤੁਰਕਾਂ ਦੇ ਮੂੰਹ ਮੋੜ ਦਿੱਤੇ। ਭਾਈ ਗੋਰੇ ਨੇ ਤੁਰਕਾਂ ਨੂੰ ਰੋਕੀ ਰੱਖਿਆ। ਵਹੀਰ ਸਹੀ-ਸਲਾਮਤ ਅੱਗੇ ਲੰਘ ਗਿਆ। ਇਸ ਤਰ੍ਹਾਂ ਭਾਈ ਗੋਰੇ ਨੇ ਗੁਰੂ-ਘਰ ਦੀਆਂ ਮਾਈਆਂ ਨੂੰ ਬੇਇੱਜ਼ਤ ਹੋਣ ਤੋਂ ਬਚਾਇਆ। ਇਸ ਦੀ ਖਬਰ ਜਦੋਂ ਵਹੀਰ ਨੇ ਗੁਰੂ ਜੀ ਨੂੰ ਜਾ ਕੇ ਦਿੱਤੀ ਤਾਂ ਗੁਰੂ ਸਾਹਿਬ ਨੇ ਭਾਈ ਗੋਰੇ ਨੂੰ ਸੰਗਤ ਵਿਚ ਲਿਆਉਣ ਲਈ ਅਸਵਾਰ ਭੇਜੇ। ਜਦੋਂ ਭਾਈ ਗੋਰਾ ਗੁਰੂ ਜੀ ਦੇ ਸਾਹਮਣੇ ਗਿਆ ਤਾਂ ਉਨ੍ਹਾਂ ਪ੍ਰਸੰਨ ਹੋ ਕੇ ਭਾਈ ਗੋਰੇ ਦੇ ਸਭ ਗੁਨਾਹ ਬਖਸ਼ ਦਿੱਤੇ।
ਇਹ ਵੀ ਪੜ੍ਹੋ : ਧੀਰ ਮੱਲ ਵੱਲੋਂ ਗੁਰਗੱਦੀ ਦੇ ਲਾਲਚ ‘ਚ ਆ ਕੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ‘ਤੇ ਹਮਲਾ ਕਰਨਾ