Bloody game in: ਜਲੰਧਰ : ਆਦਮਪੁਰ ‘ਚ ਸੈਲੂਨ ‘ਤੇ ਬੈਠੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਦੌਰਾਨ ਇੱਕ ਹੋਰ ਨੌਜਵਾਨ ਜ਼ਖਮੀ ਵੀ ਹੋ ਗਿਆ। ਮ੍ਰਿਤਕ ਦੀ ਪਛਾਣ ਜਲੰਧਰ ਦੇ ਰੇੜੂ ਪਿੰਡ ਵਾਸੀ ਸਾਗਰ ਵਜੋਂ ਹੋਈ ਹੈ ਜਦੋਂ ਕਿ ਜ਼ਖਮੀ ਦੀ ਪਛਾਣ ਹਰੀਪੁਰ ਦੇ ਸੁਨੀਲ ਦੇ ਤੌਰ ‘ਤੇ ਹੋਈ ਹੈ। ਦੋਵੇਂ ਨੌਜਵਾਨ ਸੈਲੂਨ ‘ਤੇ ਬੈਠੇ ਸਨ। ਬਾਅਦ ਦੁਪਹਿਰ ਬਾਈਕ ‘ਤੇ ਦੋ ਨੌਜਵਾਨ ਆਏ ਅਤੇ ਆਉਂਦੇ ਹੀ ਉਨ੍ਹਾਂ ‘ਤੇ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਗੋਲੀ ਸਾਗਰ ਦੀ ਛਾਤੀ ‘ਤੇ ਲੱਗੀ ਅਤੇ ਉਸ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਉਸ ਦਾ ਦੂਜਾ ਸਾਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੂੰ ਉਥੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਦੋ ਗੁੱਟਾਂ ਵਿਚਾਲੇ ਲੜਾਈ ਹੋਈ ਸੀ, ਜਿਸ ‘ਚ ਮਾਰਕੁੱਟ ਤੋਂ ਬਾਅਦ ਵੀਡੀਓ ਵਾਇਰਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਹ ਮਾਮਲਾ ਉਸੇ ਘਟਨਾ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਹਾਲਾਂਕਿ ਅਜੇ ਤੱਕ ਕਿਸੇ ਪੁਲਿਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਲਗਭਗ ਡੇਢ ਮਹੀਨੇ ਪਹਿਲਾਂ ਆਦਮਪੁਰ ‘ਚ ਹੀ ਯੂਕੋ ਬੈਂਕ ‘ਚ ਲੁੱਟ ਹੋਈ ਸੀ। ਲੁਟੇਰਿਆਂ ਨੇ ਦਿਨਦਿਹਾੜੇ ਬੈਂਕ ‘ਚ ਵੜ ਕੇ ਮੈਨੇਜਰ ਤੇ ਗਾਹਕਾਂ ਨੂੰ ਬੰਦੀ ਬਣਾ ਕੇ ਲਗਭਗ 6 ਲੱਖ ਰੁਪਏ ਲੁੱਟ ਲਏ ਸਨ। ਉਨ੍ਹਾਂ ਨੇ ਵਿਰੋਧ ਕਰਨ ‘ਤੇ ਸੁਰਿੰਦਰ ਸਿੰਘ ਦੀ ਹੱਤਿਆ ਕਰ ਦਿੱਤੀ ਸੀ।