ਅਬੋਹਰ : ਪਿੰਡ ਤੂਤਵਾਲਾ ਵਾਸੀ ਇਕ ਨੌਜਵਾਨ ਬੀਤੀ ਰਾਤ ਦੋਸਤਾਂ ਨਾਲ ਸ਼ਰਾਬ ਪੀਣ ਗਿਆ ਪਰ ਦੇਰ ਰਾਤ ਉਸ ਦੀ ਦੇਹ ਖੇਤਾਂ ਵਿਚ ਪਈ ਮਿਲੀ ਜਦੋਂ ਕਿ ਉਸ ਦੇ ਦੋਸਤ ਉਥੋਂ ਗਾਇਬ ਸਨ। ਕਲਰਖੇੜਾ ਚੌਕੀ ਪੁਲਿਸ ਨੇ ਮ੍ਰਿਤਕ ਦੀ ਦੇਹ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਹੈ। ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਉਸ ਦੇ ਦੋਸਤ ‘ਤੇ ਉਸ ਨੂੰ ਜ਼ਹਿਰ ਦੇ ਕੇ ਹੱਤਿਆ ਕਰਨ ਦੇ ਦੋਸ਼ ਲਗਾਏ ਹਨ ਕਿਉਂਕਿ ਖੇਤ ਵਿਚ ਉਨ੍ਹਾਂ ਨੂੰ ਇਕ ਸਪਰੇਅ ਦੀ ਬੋਤਲ ਵੀ ਖੁੱਲ੍ਹੀ ਪਈ ਮਿਲੀ ਹੈ।
ਜਾਣਕਾਰੀ ਮੁਤਾਬਕ ਗੁਰਵਿੰਦਰ ਪੁੱਤਰ ਅਮਰੀਕ ਸਿੰਘ ਉਮਰ ਲਗਭਗ 30 ਸਾਲ ਜੋ ਕਿ ਕੁਆਰਾ ਸੀ ਤੇ ਦਿਹਾੜੀ ਮਜ਼ਦੂਰੀ ਕਰਦਾ ਸੀ। ਗੁਰਵਿੰਦਰ ਦੇ ਵੱਡੇ ਭਰਾ ਸੁਖਵਿੰਦਰ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਦੋਸਤਾਂ ਨਾਲ ਸ਼ਰਾਬ ਪੀਣ ਲਈ ਗਿਆ ਸੀ ਪਰ ਦੇਰ ਰਾਤ ਤੱਕ ਵਾਪਸ ਨਹੀਂ ਆਇਆ। ਰਾਤ ਲਗਭਗ 12 ਵਜੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦਾ ਭਰਾ ਖੇਤ ਵਿਚ ਬੇਹੋਸ਼ ਪਿਆ ਹੈ ਜਿਸ ‘ਤੇ ਉਹ ਉਸ ਨੂੰ ਚੁੱਕ ਕੇ ਸਰਕਾਰੀ ਹਸਪਤਾਲ ਲਿਆਏ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਚੋਣ ਪ੍ਰਚਾਰ ਲਈ ਕਾਂਗਰਸ ਨੇ ਕਮੇਟੀ ਦਾ ਕੀਤਾ ਗਠਨ, ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਨੂੰ ਲਗਾਇਆ ਚੇਅਰਮੈਨ
ਦੂਜੇ ਪਾਸੇ ਏਐੱਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਨੌਜਵਾਨ ਦੇ ਮ੍ਰਿਤਕ ਹੋਣ ਦਾ ਸਮਾਚਾਰ ਮਿਲਿਆ ਹੈ ਤੇ ਪੁਲਿਸ ਨੇ ਪਰਿਵਾਰ ਵਾਲਿਆਂ ਦੇ ਬਿਆਨ ਵੀ ਦਰਜ ਕਰ ਲਏ ਹਨ। ਫਿਲਹਾਲ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਪਰਿਵਾਰ ਵਾਲਿਆਂ ਨੇ ਜੋ ਕਤਲ ਦੇ ਦੋਸ਼ ਲਗਾਏ ਹਨ, ਉਸ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਹੀ ਲੱਗ ਸਕੇਗਾ।
ਵੀਡੀਓ ਲਈ ਕਲਿੱਕ ਕਰੋ -: