ਸੂਬੇ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੀ ਰਫ਼ਤਾਰ ਘੱਟ ਹੋ ਗਈ ਹੈ। ਇਸੇ ਵਿਚਾਲੇ ਸੂਬੇ ਵਿੱਚ ਕੋਰੋਨਾ ਸੰਕ੍ਰਮਣ ਦੇ ਫੈਲਾਅ ਨੂੰ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਰੇ ਸਰਕਾਰੀ ਦਫਤਰਾਂ ਸਣੇ ਅਧੀਨ ਦਫਤਰਾਂ ਦਾ ਕੰਮ-ਕਾਜ ਸਿਰਫ ਈ-ਆਫਿਸ ’ਤੇ ਹੀ ਕਰਨ ਦੇ ਆਦੇਸ਼ ਦਿੱਤੇ ਹਨ ।
ਦਰਅਸਲ, ਇਨ੍ਹਾਂ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ ਦੱਸਿਆ ਕਿ ਵਿਭਾਗ ਦੇ ਉਦਯੋਗਿਕ ਸਿਖਲਾਈ ਵਿਭਾਗ ਦੇ ਸਾਰੇ ਵਿੰਗਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਮੁੱਖ ਦਫਤਰ ਦੀਆਂ ਸਾਰੀਆਂ ਸ਼ਾਖਾਵਾਂ ਅਤੇ ਅਧਿਕਾਰੀਆਂ ਵੱਲੋਂ ਸਿਰਫ ਈ-ਆਫਿਸ ’ਤੇ ਕੰਮ ਕੀਤਾ ਜਾਵੇ ਅਤੇ ਆਪਸ ਵਿੱਚ ਸਰਕਾਰ ਦੇ ਨਾਲ, ਅਧੀਨ ਸੰਸਥਾਵਾਂ ਨਾਲ ਅਤੇ ਬਾਕੀ ਵਿਭਾਗਾਂ ਨਾਲ ਪੱਤਰ ਵਿਹਾਰ ਸਿਰਫ ਈ-ਮੇਲ ’ਤੇ ਹੀ ਕੀਤਾ ਜਾਵੇ।
ਇਹ ਵੀ ਪੜ੍ਹੋ: ਪੰਜਾਬ-ਹਰਿਆਣਾ ਤੇ ਦਿੱਲੀ ‘ਚ ਅਗਲੇ 24 ਘੰਟਿਆਂ ਦੌਰਾਨ ਪਏਗਾ ਮੀਂਹ- ਮੌਸਮ ਵਿਭਾਗ ਦੀ ਭਵਿੱਖਬਾਣੀ
ਇਸ ਤੋਂ ਇਲਾਵਾ ਇਹ ਵੀ ਹੁਕਮ ਜਾਰੀ ਕੀਤਾ ਗਿਆ ਹੈ ਕਿ ਪ੍ਰਾਈਵੇਟ ਸੰਸਥਾਵਾਂ ਵੱਲੋਂ ਮੁੱਖ ਦਫਤਰ ਅਤੇ ਸਰਕਾਰੀ ਸੰਸਥਾਵਾਂ ਨੂੰ ਪੱਤਰ ਵਿਹਾਰ ਅਤੇ ਹੋਰ ਦਸਤਾਵੇਜ਼ ਸਿਰਫ ਈ-ਮੇਲ ਰਾਹੀਂ ਹੀ ਭੇਜੇ ਜਾਣ ਤੇ ਯਕੀਨੀ ਬਣਾਇਆ ਜਾਵੇ ਕਿ ਸਾਰਾ ਦਫ਼ਤਰੀ ਕੰਮ ਡਿਜੀਟਲ ਮੋਡ ਰਾਹੀਂ ਹੀ ਹੋਵੇ ।
ਇਸ ਸਬੰਧੀ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਵਭਾਗ ਦੇ ਡਾਇਰੈਕਟਰ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਮੁੱਖ ਦਫਤਰ ਦੇ ਸਾਰੇ ਅਧਿਕਾਰੀਆਂ, ਸਾਰੀਆਂ ਸ਼ਾਖਾਵਾਂ, ਸਰਕਾਰੀ ਸੰਸਥਾਵਾਂ ਅਤੇ ਪ੍ਰਾਈਵੇਟ ਸੰਸਥਾਵਾਂ ਦੇ ਈ-ਮੇਲ ਆਈਡੀ ਵਿਭਾਗ ਦੀ ਵੈੱਬਸਾਈਟ www.punjabitis.gov.in/citizen charter ’ਤੇ ਅਪਲੋਡ ਕਰ ਦਿਤੇ ਹਨ ।
ਮੁੱਖ ਦਫਤਰ ਦੀਆਂ ਸ਼ਾਖਾਵਾਂ, ਅਧਿਕਾਰੀਆਂ, ਸਰਕਾਰੀ ਸੰਸਥਾਵਾਂ ਅਤੇ ਪ੍ਰਾਈਵੇਟ ਸੰਸਥਾਵਾਂ ਨੂੰ ਜਾਰੀ ਕੀਤੇ ਆਦੇਸ਼ ਦੀਆਂ ਕਾਪੀਆਂ ਵੀ ਵਿਭਾਗ ਦੀ ਵੈੱਬਸਾਈਟ www.punjabitis.gov.in/citizen charter ’ਤੇ ਅਪਲੋਡ ਕਰ ਦਿੱਤੀਆਂ ਹਨ । ਇਸਦੇ ਨਾਲ ਹੀ ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਭਾਗ ਨਾਲ ਪੱਤਰ ਵਿਹਾਰ ਸਿਰਫ ਈ-ਮੇਲ ਅਤੇ ਡਿਜੀਟਲ ਮੋਡ ਰਾਹੀਂ ਹੀ ਕਰਨ ।