ਮੋਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ (CU) ਵਿੱਚ ਪੜ੍ਹਦੀਆਂ 60 ਤੋਂ ਵੱਧ ਵਿਦਿਆਰਥਣਾਂ ਦੀ ਨਹਾਉਂਦਿਆਂ ਦੀ ਵੀਡੀਓ ਵਾਇਰਲ ਕਰਨ ਦੇ ਮਾਮਲੇ ਵਿੱਚ ਵਿਦਿਆਰਥੀਆਂ ਦਾ ਧਰਨਾ ਐਤਵਾਰ ਰਾਤ 1.30 ਵਜੇ ਖਤਮ ਹੋ ਗਿਆ ਹੈ । ਰੋਪੜ ਰੇਂਜ ਦੇ DIG ਗੁਰਪ੍ਰੀਤ ਭੁੱਲਰ ਅਤੇ ਮੋਹਾਲੀ ਦੇ ਡੀਸੀ ਅਮਿਤ ਤਲਵਾੜ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨਿਆਂ ਜਾਣਗੀਆਂ। ਹੁਣ ਯੂਨੀਵਰਸਿਟੀ ਵਿੱਚ 24 ਸਤੰਬਰ ਤੱਕ ਨਾਨ-ਟੀਚਿੰਗ ਡੇ ਐਲਾਨ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਸਹਿਮੀਆਂ ਕੁੜੀਆਂ ਨੇ ਹੋਸਟਲ ਖਾਲੀ ਕਰਨੇ ਸ਼ੁਰੂ ਕਰ ਦਿੱਤੇ ਹਨ ।
ਇਸ ਮਾਮਲੇ ਵਿੱਚ ਹਿਮਾਚਲ ਪੁਲਿਸ ਨੇ ਦੇਰ ਰਾਤ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਵਿੱਚ ਜਿਸ ਨੌਜਵਾਨ ਦੀ ਫੋਟੋ ਕੁੜੀ ਨੇ ਦਿਖਾਈ ਸੀ, ਉਹ ਸ਼ਿਮਲਾ ਦੇ ਢਲੀ ਤੋਂ ਫੜਿਆ ਗਿਆ। ਉਸਦਾ ਨਾਮ ਰੰਕਜ ਵਰਮਾ ਹੈ, ਜਦਕਿ ਦੂਜੇ ਦੋਸ਼ੀ ਸੰਨੀ ਮਹਿਤਾ ਨੂੰ ਰੋਹੜੂ ਤੋਂ ਗ੍ਰਿਫਤਾਰ ਕੀਤਾ ਗਿਆ । ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਵੀਡੀਓ ਬਣਾਉਣ ਵਾਲੀ ਕੁੜੀ ਨੂੰ ਗ੍ਰਿਫਤਾਰ ਕੀਤਾ ਸੀ। ਕੁੜੀ ਵੀ ਸ਼ਿਮਲਾ ਦੇ ਰੋਹੜੂ ਦੀ ਰਹਿਣ ਵਾਲੀ ਹੈ। ਉਹ ਇਨ੍ਹਾਂ ਮੁੰਡਿਆਂ ਨੂੰ ਬਹੁਤ ਪਹਿਲਾਂ ਤੋਂ ਜਾਣਦੀ ਹੈ। ਦੇਰ ਸ਼ਾਮ ਦੋਵਾਂ ਨੌਜਵਾਨਾਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ । ਸੰਨੀ (23 ਸਾਲ) ਇੱਕ ਬੇਕਰੀ ਵਿੱਚ ਅਤੇ ਰੰਕਜ (31 ਸਾਲ) ਇੱਕ ਟਰੈਵਲ ਏਜੰਸੀ ਵਿੱਚ ਕੰਮ ਕਰਦਾ ਹੈ । ਰੰਕਜ ਮੂਲ ਰੂਪ ਵਿੱਚ ਠਿਯੋਗ ਦੇ ਸੰਧੂ ਖੇਤਰ ਦਾ ਰਹਿਣ ਵਾਲਾ ਹੈ। ਹੁਣ ਉਨ੍ਹਾਂ ਕੋਲੋਂ ਵੀਡੀਓ ਮੰਗਵਾਉਣ ਅਤੇ ਵਾਇਰਲ ਕਰਨ ਦੇ ਮਕਸਦ ਬਾਰੇ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ: CU ਕਾਂਡ : ਰੋਹੜੂ ‘ਚ ਹੀ ਬੇਕਰੀ ‘ਤੇ ਕੰਮ ਕਰਦਾ ਹੈ ਦੋਸ਼ੀ ਨੌਜਵਾਨ, ਪੰਜਾਬ ਪੁਲਿਸ ਨੇ ਲਿਆ ਹਿਰਾਸਤ ‘ਚ
ਸੂਤਰਾਂ ਅਨੁਸਾਰ ਵਿਦਿਆਰਥੀਆਂ ਨੇ ਪੁਲਿਸ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਨੀਵਾਰ ਰਾਤ ਨੂੰ ਹੋਏ ਇਸ ਮਾਮਲੇ ਦੀ ਪਾਰਦਰਸ਼ੀ ਜਾਂਚ , ਲਾਠੀਚਾਰਜ ਦੀ ਜਾਂਚ, ਹਸਪਤਾਲ ਵਿੱਚ ਦਾਖਲ ਵਿਦਿਆਰਥੀਆਂ ਨੂੰ ਮੁਆਵਜ਼ਾ ਦੇਣ , ਗਰਲਜ਼ ਹੋਸਟਲ ਦਾ ਸਮਾਂ ਸਾਢੇ 8 ਵਜੇ ਤੋਂ ਵਧਾ ਕੇ 9:30 ਵਜੇ ਤੱਕ ਕਰਨ ਅਤੇ ਹੋਸਟਲ ਦੇ ਸਾਰੇ ਵਾਰਡਨ ਨੂੰ ਬਦਲਣ ਦੀ ਮੰਗ ਕੀਤੀ ਗਈ ਹੈ । ਵਿਦਿਆਰਥੀਆਂ ਨੂੰ ਦੋਵਾਂ ਪਾਸਿਆਂ ਤੋਂ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ।
ਦੱਸ ਦੇਈਏ ਕਿ ਇਸ ਘਟਨਾ ਤੋਂ ਬਾਅਦ ਐਤਵਾਰ ਸਵੇਰੇ ਮੋਹਾਲੀ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਅਤੇ ਰੋਪੜ ਰੇਂਜ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਮਾਮਲੇ ਦੀ ਜਾਂਚ ਲਈ CU ਕੈਂਪਸ ਪਹੁੰਚੇ । CU ਮੈਨੇਜਮੈਂਟ ਦੇ ਨਾਲ-ਨਾਲ ਇਨ੍ਹਾਂ ਦੋਵਾਂ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਕਿਸੇ ਵੀ ਵਿਦਿਆਰਥੀ ਦੀ ਵੀਡੀਓ ਵਾਇਰਲ ਨਹੀਂ ਹੋਈ ਅਤੇ ਵਿਦਿਆਰਥੀਆਂ ਨੂੰ ਗਲਤਫਹਿਮੀ ਹੋਈ ਹੈ। ਇਸ ਨਾਲ ਯੂਨੀਵਰਸਿਟੀ ਦੇ ਵਿਦਿਆਰਥੀ ਭੜਕ ਗਏ। ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਮੁਤਾਬਕ ਦੋਸ਼ੀ ਵਿਦਿਆਰਥਣ ਨੇ ਖੁਦ ਮੰਨਿਆ ਹੈ ਕਿ ਉਸ ਨੇ ਹੋਸਟਲ ਵਿੱਚ ਰਹਿਣ ਵਾਲੀਆਂ ਕੁੜੀਆਂ ਦੀਆਂ ਵੀਡੀਓ ਬਣਾ ਕੇ ਆਪਣੇ ਦੋਸਤ ਨੂੰ ਭੇਜੀਆਂ ਪਰ ਪੰਜਾਬ ਪੁਲਸ ਕਹਿ ਰਹੀ ਹੈ ਕਿ ਕੁੜੀ ਨੇ ਸਿਰਫ ਆਪਣੀ ਵੀਡੀਓ ਬਣਾਈ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਕੁਝ ਅਧਿਕਾਰੀਆਂ ਨੇ ਕੁੜੀਆਂ ਦੇ ਕੱਪੜਿਆਂ ‘ਤੇ ਵੀ ਟਿੱਪਣੀਆਂ ਕੀਤੀਆਂ। ਜਿਸ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਨਰਾਜ਼ਗੀ ਹੈ।
ਵੀਡੀਓ ਲਈ ਕਲਿੱਕ ਕਰੋ -: