ਪੰਜਾਬ ਕਾਂਗਰਸ ਨੇ ਸਿੱਧੂ ਦੇ ਤਿੱਖੇ ਹਮਲਿਆਂ ਵਿਚਕਾਰ ਏ. ਜੀ. ਅਤੇ ਡੀ. ਜੀ. ਪੀ. ਨੂੰ ਬਦਲਣ ਦਾ ਫ਼ੈਸਲਾ ਕਰ ਲਿਆ ਹੈ। ਪੰਜਾਬ ਦੀ ਕਾਂਗਰਸ ਸਰਕਾਰ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਦੇ ਦਬਾਅ ਅੱਗੇ ਝੁਕ ਗਈ ਹੈ। ਪੰਜਾਬ ਦੇ ਐਡਵੋਕੇਟ ਜਨਰਲ (ਏਜੀ) ਏਪੀਐਸ ਦਿਓਲ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ ਹੈ।
ਇਸ ਦੀ ਸੂਚਨਾ ਰਾਜਪਾਲ ਨੂੰ ਭੇਜੀ ਜਾਵੇਗੀ ਅਤੇ ਭਲਕੇ ਪੰਜਾਬ ਵਿੱਚ ਨਵਾਂ ਏ.ਜੀ. ਨਿਯੁਕਤ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਡੀਜੀਪੀ ਇਕਬਾਲਪ੍ਰੀਤ ਸਹੋਤਾ ਨੂੰ ਵੀ ਹਟਾ ਦਿੱਤਾ ਜਾਵੇਗਾ। ਇਸ ਦੇ ਲਈ ਸਰਕਾਰ UPSC ਪੈਨਲ ਦਾ ਇੰਤਜ਼ਾਰ ਕਰੇਗੀ। ਹਾਲਾਂਕਿ ਸਹੋਤਾ ਦੀ ਛੁੱਟੀ ਹੁਣ ਤੈਅ ਹੈ। ਮੰਗਲਵਾਰ ਨੂੰ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਦਾ ਐਲਾਨ ਕੀਤਾ ਹੈ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੀ ਮੌਜੂਦ ਸਨ।
ਇਕਬਾਲਪ੍ਰੀਤ ਸਹੋਤਾ ਅਜੇ ਪੱਕੇ ਡੀਜੀਪੀ ਨਹੀਂ ਹਨ। ਉਨ੍ਹਾਂ ਨੂੰ ਸਿਰਫ਼ ਡੀਜੀਪੀ ਦਾ ਚਾਰਜ ਦਿੱਤਾ ਗਿਆ ਹੈ। ਅਜਿਹੇ ‘ਚ ਸਰਕਾਰ ਨੇ ਉਨ੍ਹਾਂ ਨੂੰ ਹਟਾਉਣ ਲਈ ਪੈਨਲ ਦਾ ਇੰਤਜ਼ਾਰ ਕਰਨ ਲਈ ਕਿਹਾ ਹੈ। ਜਿਸ ‘ਤੇ ਸਿੱਧੂ ਨੇ ਵੀ ਹਾਮੀ ਭਰੀ ਹੈ। ਸੂਤਰਾਂ ਦੀ ਮੰਨੀਏ ਤਾਂ ਸਿੱਧੂ ਮੁਤਾਬਕ ਡੀਜੀਪੀ ਅਤੇ ਏਜੀ ਦੇ ਅਹੁਦੇ ‘ਤੇ ਅਫਸਰਾਂ ਦੀ ਨਿਯੁਕਤੀ ਨਹੀਂ ਕੀਤੀ ਜਾਵੇਗੀ। ਹੁਣ ਤੱਕ ਸਿੱਧੂ ਏਜੀ ਲਈ ਐਡਵੋਕੇਟ ਡੀਐਸ ਪਟਵਾਲੀਆ ਅਤੇ ਡੀਜੀਪੀ ਲਈ ਸਿਧਾਰਥ ਚਟੋਪਾਧਿਆਏ ਨੂੰ ਨਿਯੁਕਤ ਕਰਨ ਦੀ ਗੱਲ ਕਰ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -: