Congress leader Manish : ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਕੋਰੋਨਾ ਪਾਜੀਟਿਵ ਪਾਏ ਗਏ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਟਵੀਟ ਕਰਕੇ ਦਿੱਤੀ। ਉਨ੍ਹਾਂ ਨੇ ਟਵੀਟ ‘ਚ ਲਿਖਿਆ ਕਿ ਬੀਤੀ ਰਾਤ ਲਗਭਗ 2 ਵਜੇ ਉਨ੍ਹਾਂ ਨੂੰ ਹਲਕਾ ਬੁਖਾਰ ਹੋ ਗਿਆ ਸੀ ਜਿਸ ਕਾਰਨ ਉਨ੍ਹਾਂ ਨੂੰ ਨੀਂਦ ਨਹੀਂ ਆਈ। ਸਵੇਰੇ ਉਠ ਕੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਟੈਸਟ ਕਰਵਾਇਆ। ਇਕੱਠੇ 2 ਟੈਸਟ ਕਰਵਾਏ। ਬੁਖਾਰ ਤੋਂ ਇਲਾਵਾ ਹੋਰ ਕੋਈ ਦੂਜਾ ਲੱਛਣ ਉਨ੍ਹਾਂ ਦੀ ਰਿਪੋਰਟ ‘ਚ ਨਹੀਂ ਆਇਆ।
ਸੰਸਦ ਤਿਵਾੜੀ ਨੇ ਕਿਹਾ ਕਿ ਉਹ ਪਿਛਲੇ ਕੁਝ ਦਿਨਾਂ ‘ਚ ਜਿਹੜੇ ਲੋਕਾਂ ਨੂੰ ਵੀ ਮਿਲੇ ਹਨ ਉਨ੍ਹਾਂ ਨੂੰ ਮੇਰੀ ਸਲਾਹ ਹੈ ਕਿ ਉਹ ਸਾਰੇ ਸਾਵਧਾਨੀ ਵਰਤਣ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪਾਰਟੀ ਦੇ ਖਜ਼ਾਨਚੀ ਅਹਿਮਤ ਪਟੇਲ ਪਿਛਲੇ ਮਹੀਨੇ ਕੋਰੋਨਾ ਪਾਜੀਟਿਵ ਪਾਏ ਗਏ ਸਨ। ਉਹ ਗੁਰੂਗ੍ਰਾਮ ਦੇ ਹਸਪਤਾਲ ‘ਚ ਭਰਤੀ ਸਨ ਹੁਣ ਉਨ੍ਹਾਂ ਨੂੰ ਆਈ. ਸੀ. ਯੂ. ‘ਚ ਭਰਤੀ ਕਰਵਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਹਿਮਦ ਪਟੇਲ ਦੀ ਹਾਲਤ ਹੁਣ ਸਥਿਰ ਹੈ।
ਕਾਂਗਰਸ ਦੇ ਸੀਨੀਅਰ ਨੇਤਾ ਆਨੰਦ ਸ਼ਰਮਾ, ਮੁਕੁਲ ਵਾਸਨਿਕ ਅਤੇ ਕੁਝ ਹੋਰ ਨੇਤਾਵਾਂ ਨੇ ਤਿਵਾੜੀ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ। ਤਿਵਾੜੀ ਤੋਂ ਪਹਿਲਾਂ ਅਹਿਮਦ ਪਟੇਲ, ਮੋਤੀਲਾਲ ਵੋਰਾ ਅਤੇ ਕਈ ਹੋਰ ਕਾਂਗਰਸੀ ਨੇਤਾ ਕੋਰੋਨਾ ਵਾਇਰਸ ਤੋਂ ਪੀੜਤ ਹੋ ਚੁੱਕੇ ਹਨ। ਇਸੇ ਤਰ੍ਹਾਂ ਲੋਕ ਸਭਾ ਸੰਸਦ ਮੈਂਬਰ ਸੰਤੋਖ ਚੌਧਰੀ ਵੀ ਕੋਰੋਨਾ ਪਾਜੀਟਿਵ ਪਾਏ ਗਏ ਹਨ। ਦੀਵਾਲੀ ਤੋਂ ਪਹਿਲੀ ਰਾਤ ਸੰਸਦ ਮੈਂਬਰ ਨੂੰ ਕੋਰੋਨਾ ਦੇ ਲੱਛਣ ਮਹਿਸੂਸ ਹੋਏ ਸਨ। ਉਹ ਪੰਜਾਬ ਇੰਚਾਰਜ ਹਰੀਸ਼ ਰਾਵਤ ਦੀ ਰੈਲੀ ‘ਚ ਗਏ ਸਨ। ਸੰਸਦ ਮੈਂਬਰ ਸੰਤੋਖ ਚੌਧਰੀ ਨੇ ਦੱਸਿਆ ਕਿ ਉਹ ਆਈਸੋਲੇਸ਼ਨ ‘ਚ ਹਨ। ਉਨ੍ਹਾਂ ਨੇ ਸਾਰਿਆਂ ਨੂੰ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ ਜੋ ਉਨ੍ਹਾਂ ਦੇ ਸੰਪਰਕ ‘ਚ ਆਏ ਸਨ। ਦੀਵਾਲੀ ਤੇ ਵਿਸ਼ਵਕਰਮਾ ਕਾਰਨ ਲੋਕਾਂ ਦੀ ਮੂਵਮੈਂਟ ਕਾਫੀ ਹੋਈ ਸੀ ਜਿਸ ਕਾਰਨ ਕੋਰੋਨਾ ਦੇ ਕੇਸ ਵਧਣਾ ਚਿੰਤਾਜਨਕ ਹੈ।