ਪੰਜਾਬ ‘ਚ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਉੱਥੇ ਹੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਮ ਵੀ ਐਲਾਨ ਦਿੱਤੇ ਗਏ ਹਨ। ਜਿਸ ਤੋਂ ਬਾਅਦ ਹੁਣ ਦੋਸ਼ਾਂ ਸਣੇ ਵਾਅਦਿਆਂ ਅਤੇ ਦਾਅਵਿਆਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ।
ਉੱਥੇ ਹੀ ਇਸ ਵਾਰ ਕਈ ਹਲਕਿਆਂ ‘ਚ ਉਮੀਦਵਾਰਾਂ ਵਿਚਕਾਰ ਸਖਤ ਅਤੇ ਦਿਲਚਸਪ ਮੁਕਾਬਲਾ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਅੱਜ ਅਸੀਂ ਲੁਧਿਆਣਾ ਜ਼ਿਲ੍ਹੇ ਦੇ ਹਲਕੇ ਦਾਖਾ ਗੱਲ ਕਰਨ ਜਾ ਰਹੇ ਹਾਂ। ਹਮੇਸ਼ਾ ਤੋਂ ਚਰਚਾ ਦਾ ਵਿਸ਼ਾ ਰਹੇ ਲੁਧਿਆਣਾ ਜ਼ਿਲ੍ਹੇ ਦਾ ਹਲਕਾ ਦਾਖਾ ਮੁੜ ਸੁਰਖੀਆਂ ਵਿੱਚ ਹੈ। ਚਰਚਾ ਇਸ ਲਈ ਹੈ ਕਿ ਇੱਥੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦੋ ਸਾਬਕਾ ਓਐੱਸਡੀ ਇੱਕ ਦੂਜੇ ਦੇ ਖਿਲਾਫ ਚੋਣ ਲੜ ਰਹੇ ਹਨ। ਬੀਤੇ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲੋਕ ਕਾਂਗਰਸ ਪਾਰਟੀ ਵੱਲੋਂ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ, ਪੰਜਾਬ ਲੋਕ ਕਾਂਗਰਸ ਪਾਰਟੀ ਹਲਕਾ ਦਾਖਾ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਓਐੱਸਡੀ ਦਮਨਜੀਤ ਸਿੰਘ ਮੋਹੀ ਨੂੰ ਟਿਕਟ ਦੇ ਕੇ ਚੋਣ ਮੈਦਾਨ ’ਚ ਉਤਾਰਿਆ ਹੈ।
ਇਹ ਵੀ ਪੜ੍ਹੋ : ਪੰਜਾਬ: 65 ਸੀਟਾਂ ‘ਤੇ ਇੱਕਲੇ ਲੜੇਗੀ BJP,ਕੈਪਟਨ-ਢੀਂਡਸਾ ਧੜੇ ਨੂੰ ਲੈ ਕੇ ਨੱਢਾ ਦਾ ਵੱਡਾ ਐਲਾਨ
ਖਾਸ ਗੱਲ ਇਹ ਹੈ ਕਿ ਸੱਤਾਧਾਰੀ ਕਾਂਗਰਸ ਵੱਲੋਂ ਵੀ ਇੱਥੇ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਓਐੱਸਡੀ ਕੈਪਟਨ ਸੰਦੀਪ ਸੰਧੂ ਨੂੰ ਟਿਕਟ ਦੇ ਕੇ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ। ਜਿੱਥੇ ਹਲਕੇ ਦਾਖੇ ‘ਚ ਦੋ ਸਾਬਕਾ ਓਐੱਸਡੀ ਆਹਮੋ-ਸਾਹਮਣੇ ਹੋ ਗਏ ਹਨ ਉੱਥੇ ਹੀ ਹਲਕੇ ਦੇ ਵੋਟਰਾਂ ਨੂੰ ਇੱਕ ਦਿਲਚਸਪ ਮੁੁਕਾਬਲਾ ਵੀ ਦੇਖਣ ਨੂੰ ਮਿਲੇਗਾ। ਇਸ ਮੁਕਾਬਲੇ ਨੂੰ ਖਾਸ ਬਣਾਉਣ ਵਾਲੀ ਇੱਕ ਗੱਲ ਇਹ ਵੀ ਹੈ ਕਿ ਦੋਵੇ ਉਮੀਦਵਾਰ ਇੱਕ ਦੂਜੀ ਦੀਆਂ ਕਮੀਆਂ ਨੂੰ ਵੀ ਜਾਣਦੇ ਹੋਣਗੇ ਜਿਸ ਕਾਰਨ ਪ੍ਰਚਾਰ ਦੌਰਾਨ ਵੀ ਦੋਵੇ ਆਗੂ ਇੱਕ ਦੂਜੇ ‘ਤੇ ਨਿਸ਼ਾਨੇ ਸਾਧਦੇ ਨਜ਼ਰ ਆ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: